ਸੰਯੁਕਤ ਰਾਸ਼ਟਰ: ਪਹਿਲੀ ਵਾਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ 2026 ਲਈ ਆਪਣਾ ਨਵੇਂ ਸਾਲ ਦਾ ਸੁਨੇਹਾ ਹਿੰਦੀ ਸਣੇ ਹੋਰ ਭਾਸ਼ਾਵਾਂ ਵਿੱਚ ਜਾਰੀ ਕੀਤਾ ਹੈ। ਉਨ੍ਹਾਂ ਆਪਣੇ ਸੁਨੇਹੇ ਵਿੱਚ ਆਲਮੀ ਆਗੂਆਂ ਨੂੰ ਵਿਕਾਸ ’ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ, ਨਾ ਕਿ ਵਿਨਾਸ਼ (ਜੰਗ) ’ਚ। ਨਵੇਂ ਸਾਲ ਦਾ ਇਹ ਸੁਨੇਹਾ 11 ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਤ ਭਾਸ਼ਾਵਾਂ- ਅਰਬੀ, ਚੀਨੀ, ਅੰਗਰੇਜ਼ੀ, ਫਰੈਂਚ, ਰੂਸੀ ਤੇ ਸਪੇਨਿਸ਼, ਦੇ ਨਾਲ ਹਿੰਦੀ ਤੇ ਉਰਦੂ ਵੀ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਦੇ ਵੀਡੀਓ ਸੁਨੇਹੇ ਵਿੱਚ ਹਿੰਦੀ ਸਬ-ਟਾਈਟਲ ਵੀ ਮੁਹੱਈਆ ਕਰਵਾਏ ਗਏ। ਨਵੇਂ ਸਾਲ ਲਈ ਜਾਰੀ ਅਪੀਲ ਵਿੱਚ ਸ੍ਰੀ ਗੁਟੇਰੇਜ਼ ਨੇ ਆਲਮੀ ਆਗੂਆਂ ਨੂੰ ‘ਤਰਜੀਹਾਂ ਸਪੱਸ਼ਟ ਕਰਨ’ ਅਤੇ ਵਿਨਾਸ਼ (ਜੰਗ ਵਿੱਚ ਖਰਚੇ) ਦੀ ਥਾਂ ਵਿਕਾਸ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸੋਮਵਾਰ ਨੂੰ ਜਾਰੀ ਸੁਨੇਹੇ ਵਿੱਚ ਕਿਹਾ, ‘‘ਅਸੀਂ ਨਵੇਂ ਸਾਲ ਵਿੱਚ ਦਾਖ਼ਲ ਹੋਣ ਵਾਲੇ ਹਾਂ, ਦੁਨੀਆ ਇਕ ਮੋੜ ’ਤੇ ਖੜ੍ਹੀ ਹੈ, ਸਾਡੇ ਚਾਰੇ ਪਾਸੇ ਅਰਾਜਕਤਾ ਤੇ ਅਨਿਸ਼ਚਿਤਤਾ ਹੈ। ਨਵੇਂ ਸਾਲ ’ਤੇ, ਆਓ ਸੰਕਲਪ ਲਈਏ ਕਿ ਸਾਡੀਆਂ ਤਰਜੀਹਾਂ ਸਹੀ ਹੋਣ। ਸੁਰੱਖਿਅਤ ਦੁਨੀਆ ਦੀ ਸ਼ੁਰੂਆਤ ਗਰੀਬੀ ਖ਼ਿਲਾਫ਼ ਲੜਨ ’ਚ ਵਧੇਰੇ ਨਿਵੇਸ਼ ਅਤੇ ਜੰਗਾਂ ਵਿੱਚ ਘੱਟ ਨਿਵੇਸ਼ ਕਰਨ ਨਾਲ ਹੁੰਦੀ ਹੈ। ਸ਼ਾਂਤੀ ਦਾ ਰਾਜ ਹੋਣਾ ਚਾਹੀਦਾ ਹੈ।’’ ਯਾਦ ਰਹੇ ਕਿ 2018 ਵਿੱਚ ਸੰਯੁਕਤ ਰਾਸ਼ਟਰ ਵਿੱਚ ਹਿੰਦੀ ਪ੍ਰਾਜੈਕਟ ਲਈ ਭਾਰਤ ਅਤੇ ਸੰਯੁਕਤ ਰਾਸ਼ਟਰ ਆਲਮੀ ਸੰਚਾਰ ਵਿਭਾਗ ਦਰਮਿਆਨ ਸਮਝੌਤਾ ਹੋਇਆ ਸੀ।
Posted inNews
ਸੰਯੁਕਤ ਰਾਸ਼ਟਰ ਮੁਖੀ ਵੱਲੋਂ ਨਵੇਂ ਸਾਲ ਦਾ ਸੁਨੇਹਾ ਹਿੰਦੀ ਤੇ ਉਰਦੂ ’ਚ ਜਾਰੀ

