ਅਲਵਿਦਾ 2025: ਡਟਿਆ ਰਿਹਾ ਪੰਜਾਬ

ਚੰਡੀਗੜ੍ਹ: ਧੁੰਦ ਦੀ ਬੁੱਕਲ ਮਾਰ ਇਹ ਸਾਲ ਵਿਦਾ ਹੋ ਰਿਹਾ ਹੈ ਤੇ ਨਵਾਂ ਸਾਲ ਬਰੂਹਾਂ ’ਤੇ ਹੈ। ਬੀਤਿਆ ਵਰ੍ਹਾ ਆਪਣੇ ਨਾਲ ਕਈ ਯਾਦਾਂ ਲੈ ਕੇ ਜਾ ਰਿਹਾ ਹੈ ਇਨ੍ਹਾਂ ਵਿੱਚੋਂ ਕੁਝ ਪੋਹ ਦੇ ਦਿਨਾਂ ਵਿੱਚ ਨਿਕਲਣ ਵਾਲੀ ਉਸ ਕੋਸੀ ਧੁੱਪ ਵਰਗੀਆਂ ਹਨ, ਜਿਨ੍ਹਾਂ ਦਾ ਨਿੱਘ ਹਰ ਕੋਈ ਮਾਨਣਾ ਚਾਹੁੰਦਾ ਹੈ ਅਤੇ ਕੁੱਝ ਜੇਠ ਹਾੜ ਦੀਆਂ ਤਪਦੀਆਂ ਦੁਪਹਿਰਾਂ ਵਰਗੀਆਂ ਹਨ ਜਿਨ੍ਹਾਂ ਤੋਂ ਹਰ ਕੋਈ ਬਚ ਕੇ ਰਹਿੰਦਾ ਹੈ। ਬੀਤੇ ਸਾਲ ਦੀਆਂ ਅਜਿਹੀਆਂ ਹੀ ਕੁਝ ਯਾਦਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਵਿੱਚੋਂ ਇੱਕ ਪੰਜਾਬ ਨੇ 1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ, ਜਿਸ ਵਿੱਚ ਕਈ ਜ਼ਿਲ੍ਹੇ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਏ। ਇਨ੍ਹਾਂ ਹੜ੍ਹਾਂ ਕਾਰਨ ਕਿਸਾਨਾਂ ਦੀ ਕੁੱਲੀ ਜੁੱਲੀ ਅਤੇ ਖੇਤ ਵਹਿ ਗਏ, 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਪਰ ਪੰਜਾਬੀਆਂ ਨੇ ਕੁਦਰਤੀ ਆਫ਼ਤ ਦਾ ਹੌਸਲੇ ਨਾਲ ਟਾਕਰਾ ਕੀਤਾ। ਇਸ ਦੌਰਾਨ ਸੂਬੇ ਨੇ 30,000 ਤੋਂ ਵੱਧ ਘਰਾਂ ਸਮੇਤ 13 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਿਆ।

ਉਧਰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਹੋਏ ਭਾਰਤ-ਪਾਕਿ ਟਕਰਾਅ ਦਾ ਨਤੀਜਾ ਵੀ ਪੰਜਾਬ ਦੀ ਧਰਤੀ ਨੇ ਭੁਗਤਿਆ ਸੂਬੇ ਦੇ ਸਰਹੱਦੀ ਜ਼ਿਲ੍ਹੇ ਅਲਰਟ ’ਤੇ ਰਹੇ, ਅੱਗ ਦੇ ਗੋਲੇ ਘਰਾਂ ਦੀਆਂ ਛੱਤਾਂ ਉੱਤੋਂ ਲੰਘਦੇ ਰਹੇ। ਪਰ ਪੰਜਾਬ ਦੇ ਲੋਕਾਂ ਆਪਣੀ ਦਲੇਰੀ ਨੂੰ ਸਾਬਿਤ ਕੀਤਾ।

ਚੰਗੇ ਭਵਿੱਖ ਲਈ ਘਰ ਛੱਡ ਅਮਰੀਕਾ ਗਏ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਫਰਵਰੀ ਮਹੀਨੇ ਦੇਸ਼ ਨਿਕਾਲੇ ਦੀ ਪੀੜ ਝੱਲਣੀ ਪਈ। ਹੱਥਕੜੀਆਂ ਅਤੇ ਬੇੜੀਆਂ ਨਾਲ ਬੱਝੇ ਕਰੀਬ ਸਵਾ ਸੌ ਨਿਰਾਸ਼ ਚਿਹਰੇ ਅਤੇ ਟੁੱਟੇ ਸੁਫਨਿਆਂ ਨੂੰ ਲੈ ਕੇ ਪਹਿਲਾ ਜਹਾਜ਼ ਅੰਮ੍ਰਿਤਸਰ ਉੱਤਰਿਆ।

ਸਿਆਸਤ ਦੀ ਗੱਲ ਕਰੀਏ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਖ਼ਤ ਨਿੰਦਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਫਰਵਰੀ ਵਿੱਚ ਪੰਜਾਬ ਸਰਕਾਰ ਵੱਲੋਂ 52 ਦਾਗੀ ਪੁਲੀਸ ਕਰਮੀਆਂ ਨੂੰ ਬਰਖਾਸਤ ਕੀਤਾ ਗਿਆ।

ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜ਼ਬਰਦਸਤੀ ਹਟਾਉਣ ’ਤੇ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਨਾਮੋਸ਼ੀ ਵੀ ਝੱਲਣੀ ਪਈ। ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਪਰੈਲ 2025 ਵਿੱਚ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ’ਤੇ ਪਾਬੰਦੀ ਲਗਾ ਦਿੱਤੀ। ਇਸ ਫੈਸਲੇ ਨੇ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਇੱਕ ਨਵੀਂ ਬਹਿਸ ਛੇੜੀ।

ਪਰ ਸਿਆਸੀ ਮੋਰਚੇ ’ਤੇ ਆਪ ਦੀ ਝੰਡੀ ਰਹੀ, ਲੁਧਿਆਣਾ ਪੱਛਮੀ ਅਤੇ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਹੋਵੇ ਜਾਂ ਪਰਿਸ਼ਦ ਚੋਣਾਂ ਆਮ ਆਦਮੀ ਪਾਰਟੀ ਨੇ ਦਬਦਬਾ ਕਾਇਮ ਰੱਖਿਆ।

ਫਰਵਰੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਆਹੁਦੇ ਤੋਂ ਫਾਰਗ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਲਈ ਵੀ ਸਾਲ ਉਤਰਾਅ ਚੜਾਅ ਵਾਲਾ ਰਿਹਾ ਜਿੱਥੇ ਅਕਾਲੀ ਦਲ ਤੋਂ ਵੱਖਰੇ ਹੋਏ ਆਗੂ ਪਾਰਟੀ ਲਈ ਔਕੜਾਂ ਬਣੇ ਰਹੇ, ਉੱਥੇ ਹੀ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਪਾਰਟੀ ਵਿੱਚ ਥੋੜ੍ਹੀ ਜਾਨ ਪਈ।

ਅਕਾਲੀ ਆਗੂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ, ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ, ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਵੀ ਸਿਆਸੀ ਗਲਿਆਰਿਆਂ ਵਿੱਚ ਵੱਡੀ ਚਰਚਾ ਬਣੀ ਰਹੀ।

ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਆਰਟੀਕਲ 240 ਦੇ ਘੇਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕਾਰਨ ਪੰਜਾਬ ਦਾ ਕੇਂਦਰ ਨਾਲ ਟਕਰਾਅ ਬਣਿਆ ਰਿਹਾ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਸਬੰਧੀ ਫੈਸਲੇ ਅਤੇ ਬੀਬੀਐੱਮਬੀ ਨੂੰ ਲੈ ਕੇ ਕੇਂਦਰ ਨਾਲ ਪੰਜਾਬ ਦੀ ਤਲਖੀ ਬਣੀ ਰਹੀ।

ਖੇਡਾਂ ਦੀ ਗੱਲ ਕਰੀਏ ਤਾਂ ਕ੍ਰਿਕਟ ਦੇ ਮੈਦਾਨ ਵਿੱਚ ਮਹਿਲਵਾਂ ਦੀ ਝੰਡੀ ਰਹੀ, ਭਾਰਤੀ ਟੀਮ ਨੇ ਮੋਗਾ ਦੀ ਧੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਹਿਲਾ ਵਿਸ਼ਵ ਕੱਪ 2025 ਜ਼ਿੱਤਿਆ।

ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਸ਼ਨ, ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਅਧਿਕਾਰਤ ਤੌਰ ’ਤੇ ‘ਪਵਿੱਤਰ ਸ਼ਹਿਰ’ ਦਾ ਐਲਾਨ ਇਤਿਹਾਸਕ ਫੈਸਲਿਆਂ ਵਜੋਂ ਵੱਡੀ ਚਰਚਾ ਵਿੱਚ ਰਿਹਾ।

ਇਸ ਸਾਲ ਪੰਜਾਬ ਨੇ ਕੁੱਝ ਖਾਸ ਸ਼ਖਸੀਅਤਾਂ ਨੂੰ ਵੀ ਗਵਾ ਦਿੱਤਾ, ਜਿੰਨ੍ਹਾਂ ਵਿੱਚ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ (114) , ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ , ਹਾਸਿਆਂ ਦਾ ਰਾਜਾ ਜਸਵਿੰਦਰ ਭੱਲਾ , ਗਾਇਕ ਰਾਜਵੀਰ ਜਵੰਦਾ ਅਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਪੰਜਾਬੀਆਂ ਨੂੰ ਕੁੱਝ ਖਾਸ ਅਤੇ ਨਾ ਮਿਟਣ ਵਾਲੀਆਂ ਯਾਦਾਂ ਦੇ ਗਏ।

Share: