ਲੰਡਨ: ਆਈ ਪੀ ਐੱਲ ਦੇ ਬਾਨੀ ਲਲਿਤ ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ’ਚ ਖੁਦ ਨੂੰ ਅਤੇ ਵਿਜੈ ਮਾਲਿਆ ਨੂੰ ਭਾਰਤ ਦੇ ‘ਦੋ ਸਭ ਤੋਂ ਵੱਡੇ ਭਗੌੜੇ’ ਕਹਿਣ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਸਮਝਿਆ ਗਿਆ ਹੈ। ਇੱਥੇ ਮਾਲਿਆ ਦੇ 70ਵੇਂ ਜਨਮਦਿਨ ਦੇ ਸਮਾਗਮ ਦੀ ਇਹ ਵੀਡੀਓ ਹਟਾ ਦਿੱਤੀ ਗਈ ਹੈ। ਇਸ ’ਚ ਲਲਿਤ ਮੋਦੀ ਨੇ ਦੋਵਾਂ ਨੂੰ ਭਾਰਤ ਦੇ ‘ਦੋ ਸਭ ਤੋਂ ਵੱਡੇ ਭਗੌੜੇ’ ਦੱਸਦਿਆਂ ਮਜ਼ਾਕ ਕੀਤਾ ਸੀ। ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਜੇ ਮੈਂ ਕਿਸੇ ਦੀਆਂ ਤੇ ਖਾਸ ਕਰ ਕੇ ਭਾਰਤ ਸਰਕਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੁਆਫ਼ੀ ਮੰਗਦਾ ਹਾਂ। ਸਰਕਾਰ ਪ੍ਰਤੀ ਮੇਰੇ ਮਨ ’ਚ ਸਨਮਾਨ ਹੈ। ਬਿਆਨ ਨੂੰ ਗ਼ਲਤ ਸਮਝਿਆ ਗਿਆ, ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ।’’ ਇਹ ਮੁਆਫੀਨਾਮਾ ਭਾਰਤ ਵੱਲੋਂ ਲਲਿਤ ਮੋਦੀ ਅਤੇ ਮਾਲਿਆ ਸਮੇਤ ਹੋਰ ਵਿੱਤੀ ਭਗੌੜਿਆਂ ਨੂੰ ਵਿਦੇਸ਼ ਤੋਂ ਵਾਪਸ ਲਿਆ ਕੇ ਦੇਸ਼ ’ਚ ਕਾਨੂੰਨ ਦਾ ਸਾਹਮਣਾ ਕਰਾਉਣ ਦੀ ਵਚਨਬੱਧਤਾ ਜਤਾਏ ਜਾਣ ਤੋਂ ਬਾਅਦ ਆਇਆ ਹੈ।
Posted inNews
