ਇਸਲਾਮਾਬਾਦ: ਪਾਕਿਸਤਾਨ ਦੀ ਕੌਮੀ ਅਸੈਂਬਲੀ ਮੈਂਬਰ ਸ਼ੈਰੀ ਰਹਿਮਾਨ ਨੇ ਕਿਹਾ ਕਿ ‘ਪਾਣੀ ਨੂੰ ਹਥਿਆਰ ਵਜੋਂ ਵਰਤਣ’ ਨਾਲ ਦੁਸ਼ਮਣੀ ਅਤੇ ਬੇਭਰੋਸਗੀ ਭਰੇ ਦੁਵੱਲੇ ਸਬੰਧਾਂ ’ਚ ਤਣਾਅ ਹੋਰ ਵਧੇਗਾ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਮੈਂਬਰ ਸ਼ੈਰੀ ਰਹਿਮਾਨ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਭਾਰਤ ’ਚ ਵਾਤਾਵਰਨ ਮੰਤਰਾਲੇ ਅਧੀਨ ਕਮੇਟੀ ਨੇ ਚਨਾਬ ਦਰਿਆ ’ਤੇ ਪਣ ਬਿਜਲੀ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮਨਜ਼ੂਰੀ ਇਸ ਸਾਲ ਅਪਰੈਲ ’ਚ ਹੋਏ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਮੁਅੱਤਲ ਕੀਤੇ ਜਾਣ ਦੇ ਪਿਛੋਕੜ ’ਚ ਦਿੱਤੀ ਗਈ ਹੈ।
ਉਨ੍ਹਾਂ ‘ਐਕਸ’ ’ਤੇ ਪਾਈ ਪੋਸਟ ’ਚ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਚਨਾਬ ਦਰਿਆ ’ਤੇ 260 ਮੈਗਾਵਾਟ ਦੇ ‘ਦੁਲਹਸਤੀ ਤੀਜੇ ਗੇੜ’ ਦੇ ਪਣ ਬਿਜਲੀ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ ਦਾ ਜ਼ਿਕਰ ਕੀਤਾ। ਉਨ੍ਹਾਂ ਇਸ ਨੂੰ ਜਲ ਸੰਭਾਲ ਸਮਝੌਤੇ ਦੀ ‘ਸਪੱਸ਼ਟ ਉਲੰਘਣਾ ਦਸਦਿਆਂ ਕਿਹਾ, ‘‘ਜਲਵਾਯੂ ਤਬਦੀਲੀ ਤੇ ਮੌਸਮੀ ਦਬਾਅ ਦੀ ਮੂਹਰਲੀ ਕਤਾਰ ’ਚ ਸਥਿਤ ਇਸ ਖੇਤਰ ’ਚ ਪਾਣੀ ਦੀ ਇਸ ਤਰ੍ਹਾਂ ਹਥਿਆਰ ਵਜੋਂ ਵਰਤੋਂ ਕਰਨੀ ਨਾ ਤਾਂ ਸਮਝਦਾਰੀ ਹੈ ਅਤੇ ਨਾ ਹੀ ਸਵੀਕਾਰ ਹੈ। ਇਸ ਨਾਲ ਪਹਿਲਾਂ ਤੋਂ ਹੀ ਦੁਸ਼ਮਣੀ ਤੇ ਬੇਭਰੋਸਗੀ ਭਰੇ ਦੁਵੱਲੇ ਸਬੰਧਾਂ ’ਚ ਤਣਾਅ ਹੋਰ ਵਧੇਗਾ।’’ ਜ਼ਿਕਰਯੋਗ ਹੈ ਕਿ ਪਣ ਬਿਜਲੀ ਪ੍ਰਾਜੈਕਟਾਂ ਦਾ ਮੁਲਾਂਕਣ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ 45ਵੀਂ ਮੀਟਿੰਗ ’ਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ।