ਵੈਨਕੂਵਰ: ਐਡਮੰਟਨ ਦੇ ਗਰੇ ਨੰਨ ਕਮਿਊਨਿਟੀ ਹਸਪਤਾਲ ’ਚ ਡਾਕਟਰ ਵੱਲੋਂ ਇਲਾਜ ਸ਼ੁਰੂ ਨਾ ਕਰਨ ਭਾਰਤੀ ਮੂਲ ਦੇ ਸ੍ਰੀਸੰਤ ਸ੍ਰੀਕੁਮਾਰ (44) ਦੀ ਮੌਤ ਹੋਣ ਦੀ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਨੇ ਕਮੇਟੀ ਬਣਾਈ ਹੈ। ਸਿਹਤ ਮੰਤਰੀ ਮੈਟ ਜੌਹਨ ਨੇ ਦੱਸਿਆ ਕਿ ਐਕਿਊਟ ਕੇਅਰ ਅਲਬਰਟਾ ਅਤੇ ਕੋਵਨੈਂਟ ਹੈਲਥ, ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਹਸਪਤਾਲ ਚਲਾਇਆ ਜਾ ਰਿਹਾ ਹੈ, ਵੱਲੋਂ ਸਾਂਝੇ ਤੌਰ ’ਤੇ ਸ੍ਰੀਕੁਮਾਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਏਗਾ। ਜੇ ਕੋਈ ਦੋਸ਼ੀ ਨਿਕਲਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਦੇ ਨਾਲ-ਨਾਲ ਅਜਿਹੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਪੀੜਤ ਪਰਵਾਰ ਦੇ ਨਜ਼ਦੀਕੀ ਵਰਿੰਦਰ ਭੁੱਲਰ ਨੇ ਦੱਸਿਆ ਕਿ ਦੁਪਹਿਰ ਵੇਲੇ ਆਪਣੇ ਦਫਤਰ ’ਚ ਕੰਮ ਕਰਦਿਆਂ ਅਚਾਨਕ ਸ੍ਰੀਕੁਮਾਰ ਦੀ ਛਾਤੀ ਵਿੱਚ ਤੇਜ਼ ਦਰਦ ਹੋਇਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਨਰਸਾਂ ਨੇ ਉਸ ਦੀ ਜਾਂਚ ਕੀਤੀ ਪਰ ਕਿਸੇ ਡਾਕਟਰ ਨੇ ਇਲਾਜ ਸ਼ੁਰੂ ਨਾ ਕੀਤਾ। ਐਮਰਜੈਂਸੀ ਕਮਰੇ ਵਿੱਚ ਤੇਜ਼ ਦਰਦ ਕਾਰਨ 8 ਘੰਟੇ ਤੜਫਣ ਬਾਅਦ ਉਸ ਦੀ ਮੌਤ ਹੋ ਗਈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਹੋਵੇਗੀ। ਸਥਾਨਕ ਵਿਧਾਇਕ ਜਸਵੀਰ ਦਿਉਲ ਨੇ ਘਟਨਾ ਨੂੰ ਵੱਡਾ ਦੁਖਾਂਤ ਦੱਸਦਿਆਂ ਸੂਬਾਈ ਸਿਹਤ ਸੇਵਾਵਾਂ ਵਿੱਚ ਸੁਧਾਰਾਂ ਦੀ ਮੰਗ ਕੀਤੀ ਹੈ।
Posted inNews