ਨਿਊ ਜਰਸੀ: ਦੱਖਣੀ ਨਿਊ ਜਰਸੀ ਵਿੱਚ ਐਤਵਾਰ ਨੂੰ ਦੋ ਹੈਲੀਕਾਪਟਰਾਂ ਦੀ ਹਵਾ ਵਿੱਚ ਹੋਈ ਭਿਆਨਕ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ,ਜਿਸ ਤੋਂ ਬਾਅਦ ਸੰਘੀ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ ਐੱਨ ਐੱਨ (CNN) ਦੀ ਰਿਪੋਰਟ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 11:25 ਵਜੇ ਹੈਮੰਟਨ ਮਿਊਂਸਪਲ ਏਅਰਪੋਰਟ ਦੇ ਨੇੜੇ ਵਾਪਰੀ,ਜਿੱਥੇ ਦੋ ਐਨਸਟ੍ਰੋਮ (Enstrom) ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।
ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਦੋਵਾਂ ਹੈਲੀਕਾਪਟਰਾਂ ਵਿੱਚ ਸਿਰਫ਼ ਪਾਇਲਟ ਹੀ ਸਵਾਰ ਸਨ ਅਤੇ ਟੱਕਰ ਤੋਂ ਬਾਅਦ ਦੋਵੇਂ ਜਹਾਜ਼ ਹੈਮੰਟਨ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਜਾ ਡਿੱਗੇ। ਹੈਮੰਟਨ ਫਾਇਰ ਵਿਭਾਗ ਦੇ ਚੀਫ ਸੀਨ ਮੈਕਰੀ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੋਵਾਂ ਪੀੜਤਾਂ ਨੂੰ ਹਵਾਈ ਮਾਰਗ ਰਾਹੀਂ ਨਜ਼ਦੀਕੀ ਟਰਾਮਾ ਸੈਂਟਰ ਪਹੁੰਚਾਇਆ,ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਗੰਭੀਰ ਸੀ ਅਤੇ ਦੂਜੇ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਸੀ,ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਮਾਮਲੇ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ,ਜਿਸ ਵਿੱਚ ਫਲਾਈਟ ਡੇਟਾ,ਜਹਾਜ਼ਾਂ ਦੀ ਦੇਖਭਾਲ ਦੇ ਰਿਕਾਰਡ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾਵੇਗੀ। ਨਿਊ ਜਰਸੀ ਦੇ ਸੈਨੇਟਰ ਕੋਰੀ ਬੁਕਰ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਜਾਂਚ ਏਜੰਸੀਆਂ ਦੇ ਸੰਪਰਕ ਵਿੱਚ ਹੈ।
