ਭਾਰਤੀ ਫ਼ੌਜ ਲਈ ਸੀ-130 ਜੇ ਬਿਹਤਰ ਬਦਲ: ਮਾਰਟਿਨ

ਭਾਰਤੀ ਫ਼ੌਜ ਲਈ ਸੀ-130 ਜੇ ਬਿਹਤਰ ਬਦਲ: ਮਾਰਟਿਨ

ਮੈਰੀਏਟਾ(ਅਮਰੀਕਾ): ਅਮਰੀਕੀ ਕੰਪਨੀ ਲੌਕਹੀਡ ਮਾਰਟਿਨ ਨੇ ਆਪਣੇ ਸੀ-130 ਜੇ ਸੁਪਰ ਹਰਕੂਲਿਸ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਲਈ ਬਿਹਤਰ ਬਦਲ ਦੱਸਿਆ ਹੈ। ਭਾਰਤ 80 ਦੇ ਕਰੀਬ ਫੌਜੀ ਟਰਾਂਸਪੋਰਟ ਜਹਾਜ਼ ਖਰੀਦਣ ਦੀਆਂ ਤਿਆਰੀਆਂ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜਹਾਜ਼ਾਂ ਦਾ ਵਾਧੂ ਬੇੜਾ ‘ਕੁਆਡ’ ਮੁਲਕਾਂ ਵਿਚਾਲੇ ਰਣਨੀਤਕ ਤੌਰ ’ਤੇ ਭਾਰਤ ਨੂੰ ਹਵਾਈ ਖੇਤਰ ਵਿੱਚ ਵਧੇਰੇ ਮਜ਼ਬੂਤ ਬਣਾਏਗਾ। ਅਧਿਕਾਰੀਆਂ ਨੇ ਦੱਸਿਆ ਕਿ ਜੇ ਲੌਕਹੀਡ ਮਾਰਟਿਨ ਨੂੰ ਮੌਕਾ ਮਿਲਿਆ ਤਾਂ ਉਹ ਭਾਰਤ ਵਿਚ ਇਸ ਜਹਾਜ ਦੇ ਉਤਪਾਦਨ ਲਈ ਵੱਡਾ ਕਾਰਖਾਨਾ ਲਗਾਉਣਗੇ ਅਤੇ ਇਹ ਅਮਰੀਕਾ ਤੋਂ ਬਾਹਰ ਇਸ ਤਰ੍ਹਾਂ ਦੀ ਪਹਿਲੀ ਆਲਮੀ ਸਹੂਲਤ ਹੋਵੇਗੀ।

ਮਾਰਟਿਨ ਹੁਣ ਤੱਕ ਸੀ-130 ਜੇ ਸੁਪਰ ਹਰਕੁੂਲਿਸ ਵਰਗ ਦੇ 560 ਤੋਂ ਵੱਧ ਜਹਾਜ਼ ਭਾਰਤ ਨੂੰ ਵੇਚ ਚੁੱਕਾ ਹੈ। ਭਾਰਤੀ ਹਵਾਈ ਫੌ਼ਜ ਮੌਜੂਦਾ ਸਮੇਂ ਵਿੱਚ 12 ਸੀ-130 ਜੇ ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ। ਭਾਰਤ ਤੋਂ ਇਲਾਵਾ ਕੁਆਡ ਦੇ ਤਿੰਨ ਹੋਰ ਮੁਲਕ ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਵੀ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ। ਕੰਪਨੀ ਦੇ ਹਵਾਈ ਖੇਤਰ ਅਤੇ ਸਮੁੰਦਰੀ ਮਿਸ਼ਨ ਦੇ ਮੀਤ ਪ੍ਰਧਾਨ ਪੈਟ੍ਰੀਸ਼ੀਆ ਟ੍ਰਿਸ਼ ਪੇਗਨ ਨੇ ਕਿਹਾ, ‘‘ ਇਹ ਜਹਾਜ਼ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਲਈ ਇਹ ਸਭ ਤੋਂ ਬਿਹਤਰ ਬਦਲ ਹੋਵੇਗਾ।’’ ਭਾਰਤੀ ਹਵਾਈ ਫੌਜ ਨੇ 2022 ਵਿੱਚ ਸੋਵੀਅਤ ਸਮੇਂ ਦੇ ਆਪਣੇ ਪੁਰਾਣੇ ਏ ਐੱਨ-32 ਅਤੇ ਆਈ ਐੱਲ-76 ਜਹਾਜ਼ਾਂ ਦੀ ਥਾਂ ਮੀਡੀਅਮ ਟਰਾਂਸਪੋਰਟ ਏਅਰਕ੍ਰਾਫਟ ਖਰੀਦਣ ਲਈ ਸੂਚਨਾ ਬੇਨਤੀ ਜਾਰੀ ਕੀਤੀ ਸੀ। ਇਸ ਸਮਝੌਤੇ ਨੂੰ ਅਗਲੇ ਕੁਝ ਹਫਤਿਆਂ ਵਿੱਚ ਡੀ ਏ ਸੀ (ਡਿਫੈਂਸ ਅਕੂਜ਼ੀਸ਼ਨ ਕੌਂਸਲ) ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਅਮਰੀਕੀ ਡਿਫੈਂਸ ਕੰਪਨੀ ਨੇ ਸੀ -130 ਜੇ ਪ੍ਰੋਗਰਾਮ ਲਈ ਟਾਟਾ ਐੱਡਵਾਂਸਡ ਸਿਸਟਮਜ਼ ਨਾਲ ਭਾਈਵਾਲੀ ਕੀਤੀ ਹੈ।

Share: