ਅੰਕਿਤਾ ਭੰਡਾਰੀ ਕਤਲ ਕੇਸ: ਨਾਮ ਉਛਾਲਣ ’ਤੇ ਭਾਜਪਾ ਆਗੂ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਅੰਕਿਤਾ ਭੰਡਾਰੀ ਕਤਲ ਕੇਸ: ਨਾਮ ਉਛਾਲਣ ’ਤੇ ਭਾਜਪਾ ਆਗੂ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਦੇਹਰਾਦੂਨ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਉਨ੍ਹਾਂ ਦਾ ਨਾਂ ਘੜੀਸਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਵਿਵਾਦ ਇੱਕ ਵਾਇਰਲ ਵੀਡੀਓ ਅਤੇ ਊਰਮਿਲਾ ਸਨਵਰ ਨਾਮ ਦੀ ਇੱਕ ਔਰਤ ਦੀ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਹੈ,ਜੋ ਹਰਿਦੁਆਰ ਦੇ ਜਵਾਲਾਪੁਰ ਤੋਂ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਦੀ ਪਤਨੀ ਹੋਣ ਦਾ ਦਾਅਵਾ ਕਰਦੀ ਹੈ।

ਵੀਡੀਓ ਵਿੱਚ ਸਨਵਰ ਨੇ ਦੋਸ਼ ਲਾਇਆ ਕਿ ‘ਗੱਟੂ’ ਨਾਮ ਦਾ ਇੱਕ ਵਿਅਕਤੀ ਅੰਕਿਤਾ ਭੰਡਾਰੀ ਦੇ ਕਤਲ ਵਿੱਚ ਸ਼ਾਮਲ ਸੀ,ਜੋ ਇੱਕ ਰਿਜ਼ੌਰਟ ਵਿੱਚ ਰਿਸੈਪਸ਼ਨਿਸਟ ਸੀ ਅਤੇ ਜਿਸਦਾ 2022 ਵਿੱਚ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕਰਨ ‘ਤੇ ਉਸ ਦੇ ਮਾਲਕ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਭਾਜਪਾ ਵਿੱਚੋਂ ਕੱਢੇ ਗਏ ਰਾਠੌਰ ਨੇ ਦਾਅਵਾ ਕੀਤਾ ਕਿ ਉਸ ਨੇ ਸਨਵਰ ਨੂੰ 50 ਲੱਖ ਰੁਪਏ ਦਿੱਤੇ ਸਨ ਕਿਉਂਕਿ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ।  ਇੱਕ ਹੋਰ ਵੀਡੀਓ ਵਿੱਚ ਸਨਵਰ ਨੇ ‘ਗੱਟੂ’ ਦੀ ਪਛਾਣ ਦਾ ਵੀ ਖੁਲਾਸਾ ਕੀਤਾ ਹੈ,ਜਿਸ ਨਾਲ ਕਥਿਤ ਤੌਰ ‘ਤੇ ਦੁਸ਼ਯੰਤ ਗੌਤਮ ਦੇ ਅਕਸ ਨੂੰ ਠੇਸ ਪਹੁੰਚੀ ਹੈ। ਸ਼ੁੱਕਰਵਾਰ ਨੂੰ ਸੂਬਾ ਭਾਜਪਾ ਵੱਲੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਉੱਤਰਾਖੰਡ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਗੌਤਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 47 ਸਾਲਾਂ ਦੇ ਜਨਤਕ ਜੀਵਨ ਵਿੱਚ ਉਨ੍ਹਾਂ ਵਿਰੁੱਧ ਕਦੇ ਅਜਿਹੇ ਦੋਸ਼ ਨਹੀਂ ਲੱਗੇ ਹਨ।

ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਗੌਤਮ ਨੇ ਕਿਹਾ ਕਿ ਇਹ ਵੀਡੀਓਜ਼ ਲਗਾਤਾਰ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ,ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦਾਅਵਿਆਂ ਦੀ ਸੱਚਾਈ ਦੀ ਪੁਸ਼ਟੀ ਹੋਣੀ ਚਾਹੀਦੀ ਹੈ। 

ਗੌਤਮ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਉੱਤਰਾਖੰਡ ਦੇ ਗ੍ਰਹਿ ਸਕੱਤਰ ਨੂੰ ਵੀ ਪੱਤਰ ਲਿਖਿਆ ਹੈ ਅਤੇ ਭੰਬਲਭੂਸਾ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਹ ਇਸ ਸਾਜ਼ਿਸ਼ ਨੂੰ ਰਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਮਾਣਹਾਨੀ ਦਾ ਕੇਸ ਦਾਇਰ ਕਰਨਗੇ।

ਗੌਤਮ ਨੇ ਇਹ ਵੀ ਕਿਹਾ ਕਿ ਜੇਕਰ ਲੋਕ ਉਨ੍ਹਾਂ ਦੇ ਖ਼ਿਲਾਫ਼ ਇੱਕ ਵੀ ਗਲਤ ਕੰਮ ਸਬੂਤਾਂ ਸਮੇਤ ਪੇਸ਼ ਕਰਦੇ ਹਨ, ਤਾਂ ਉਹ ਸਿਆਸੀ ਅਤੇ ਸਮਾਜਿਕ ਜੀਵਨ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਨੇ ਵੀਰਵਾਰ ਨੂੰ ਗ੍ਰਹਿ ਸਕੱਤਰ ਸ਼ੈਲੇਸ਼ ਬਗੋਲੀ ਨੂੰ ਅਪੀਲ ਕੀਤੀ ਸੀ ਕਿ ਉਹ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਨ੍ਹਾਂ ਵਿਰੁੱਧ ਕਥਿਤ ਅਪਮਾਨਜਨਕ ਸਮੱਗਰੀ ਹਟਾਉਣ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਦੇ ਨਿਰਦੇਸ਼ ਦੇਣ।

ਇਸ ਦੌਰਾਨ ਹਰਿਦੁਆਰ ਵਿੱਚ ਰਾਠੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਨਵਰ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਬਲੈਕਮੇਲ ਕਰ ਰਹੀ ਸੀ ਅਤੇ ਉਨ੍ਹਾਂ ਨੂੰ 50 ਲੱਖ ਰੁਪਏ ਦੇਣ ਲਈ ਆਪਣੀ ਫੈਕਟਰੀ ਤੱਕ ਵੇਚਣੀ ਪਈ। ਰਾਠੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਕਾਂਗਰਸ ਸਨਵਰ ਨੂੰ ਉਨ੍ਹਾਂ ਅਤੇ ਭਾਜਪਾ ਵਿਰੁੱਧ ਸਾਜ਼ਿਸ਼ ਰਚਣ ਲਈ ਇੱਕ ਢਾਲ ਵਜੋਂ ਵਰਤ ਰਹੀ ਹੈ।

Share: