ਸੰਘਣੀ ਧੁੰਦ ਨੇ ਲੀਹੋਂ ਲਾਹੀ ਜ਼ਿੰਦਗੀ

ਸੰਘਣੀ ਧੁੰਦ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗਡ਼੍ਹ: ਪੋਹ ਦੀ ਠੰਢ ਨੇ ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰ ਭਾਰਤ ਨੂੰ ਕੰਬਣੀ ਛੇੜ ਰੱਖੀ ਹੈ। ਸੀਤ ਲਹਿਰ ਦੇ ਨਾਲ ਹੀ ਸੰਘਣੀ ਧੁੰਦ ਨੇ ਵੀ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਧੁੰਦ ਕਾਰਨ ਸੜਕਾਂ ’ਤੇ ਦੂਰ ਤੱਕ ਦਿਖਣ ਦੀ ਹੱਦ ਸੀਮਤ ਰਹਿ ਗਈ ਹੈ। ਠੰਢ ਕਾਰਨ ਆਮ ਜਨ-ਜੀਵਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਗੁਰਦਾਸਪੁਰ ਅਤੇ ਹਰਿਆਣਾ ਦਾ ਨਾਰਨੌਲ ਸ਼ਹਿਰ ਅੱਜ ਸਭ ਤੋਂ ਵੱਧ ਠੰਢੇ ਰਹੇ। ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਜਦਕਿ ਨਾਰਨੌਲ ਵਿੱਚ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 27 ਤੋਂ 30 ਦਸੰਬਰ ਤੱਕ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਚਾਰ ਦਿਨਾਂ ਲਈ ਓਰੈਂਜ ਅਲਰਟ ਵੀ ਜਾਰੀ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਸ ਦੌਰਾਨ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਪਟਿਆਲਾ ’ਚ ਅੱਜ ਘੱਟ ਤੋਂ ਘੱਟ ਤਾਪਮਾਨ 7.7 ਡਿਗਰੀ ਸੈਲਸੀਅਸ ਰਿਹਾ। ਪਠਾਨਕੋਟ ’ਚ 6.2, ਚੰਡੀਗੜ੍ਹ ’ਚ 8.8, ਅੰਮ੍ਰਿਤਸਰ ’ਚ 8.7, ਲੁਧਿਆਣਾ ’ਚ 8.4, ਬਠਿੰਡਾ ’ਚ 9.6, ਫਰੀਦਕੋਟ ’ਚ 8.5, ਨਵਾਂ ਸ਼ਹਿਰ ’ਚ 8.2, ਹੁਸ਼ਿਆਰਪੁਰ ’ਚ 8.3, ਮਾਨਸਾ ’ਚ 9.7 ਅਤੇ ਰੋਪੜ ਵਿੱਚ 10 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Share: