ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਅੱਜ ਉਨ੍ਹਾਂ ਦੋ ਮੁਲਜ਼ਮਾਂ ਖ਼ਿਲਾਫ਼ ਰਸਮੀ ਤੌਰ ’ਤੇ ਦੋਸ਼ ਤੈਅ ਕੀਤੇ ਹਨ, ਜਿਨ੍ਹਾਂ ’ਤੇ ਇਸ ਸਾਲ ਦੇ ਸ਼ੁਰੂ ਵਿੱਚ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕਰਨ ਦਾ ਦੋਸ਼ ਹੈ। ਵਧੀਕ ਸੈਸ਼ਨ ਜੱਜ ਏਕਤਾ ਗੌਬਾ ਮਾਨ ਨੇ ਕਿਹਾ ਕਿ ਕਿਉਂਕਿ ਪੀੜਤਾ ਜਨਤਕ ਸ਼ਖ਼ਸੀਅਤ ਹੈ, ਇਸ ਲਈ ਮਾਮਲੇ ਦੀ ਸੁਣਵਾਈ ਬੰਦ ਕਮਰੇ ਵਿੱਚ ਹੋਵੇਗੀ।
ਅਦਾਲਤ ਵਿੱਚ ਵਿਅਕਤੀਗਤ ਤੌਰ ’ਤੇ ਪੇਸ਼ ਕੀਤੇ ਜਾਣ ਮਗਰੋਂ ਜੱਜ ਨੇ ਸਕਾਰੀਆ ਰਾਜੇਸ਼ਭਾਈ ਖੀਮਜੀਭਾਈ ਅਤੇ ਤਹਿਸੀਨ ਰਜ਼ਾ ਰਫੀਉੱਲਾ ਸ਼ੇਖ ਵਿਰੁੱਧ ਰਸਮੀ ਤੌਰ ’ਤੇ ਦੋਸ਼ ਤੈਅ ਕੀਤੇ। ਹਾਲਾਂਕਿ, ਦੋਵਾਂ ਨੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਅਦਾਲਤ ਨੇ ਰੇਖਾ ਗੁਪਤਾ ’ਤੇ ਕੁਝ ਮਹੀਨੇ ਪਹਿਲਾਂ ਇੱਕ ਸਮਾਗਮ ਵਿੱਚ ਹੋਏ ਹਮਲੇ ਦੇ ਦੋ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ। ਜੱਜ ਨੇ ਕਿਹਾ ਸੀ, ‘‘ਪਹਿਲੀ ਨਜ਼ਰੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 61(2) (ਅਪਰਾਧਿਕ ਸਾਜ਼ਿਸ਼), 221 (ਲੋਕ ਸੇਵਕ ਦੇ ਕੰਮ ਵਿੱਚ ਵਿਘਨ ਪਾਉਣਾ), 132 (ਲੋਕ ਸੇਵਕ ਵੱਲੋਂ ਫ਼ਰਜ਼ ਨਿਭਾਉਣ ਵਿੱਚ ਅਪਰਾਧਕ ਤਾਕਤ ਦੀ ਵਰਤੋਂ) ਅਤੇ 109(1) (ਇਰਾਦਾ ਕਤਲ) ਤਹਿਤ ਸਜ਼ਾਯੋਗ ਅਪਰਾਧ ਬਣਦੇ ਹਨ।’’ ਰੇਖਾ ਗੁਪਤਾ ’ਤੇ 20 ਅਗਸਤ ਨੂੰ ਸਿਵਲ ਲਾਈਨਜ਼ ਖੇਤਰ ਸਥਿਤ ਉਨ੍ਹਾਂ ਦੇ ਕੈਂਪ ਆਫਿਸ ਵਿੱਚ ‘ਜਨਤਕ ਸੁਣਵਾਈ’ ਦੌਰਾਨ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੇ ਦਫ਼ਤਰ ਨੇ ਹਮਲੇ ਨੂੰ ‘ਉਨ੍ਹਾਂ ਦੇ ਕਤਲ ਦੀ ਯੋਜਨਾਬੱਧ ਸਾਜ਼ਿਸ਼’ ਦਾ ਹਿੱਸਾ ਦੱਸਿਆ ਸੀ। ਗੁਜਰਾਤ ਦੇ ਰਾਜਕੋਟ ਵਾਸੀ ਖੀਮਜੀਭਾਈ (41) ਨੂੰ ਗ੍ਰਿਫ਼ਤਾਰ ਕਰ ਕੇ ਇਰਾਦਾ ਕਤਲ ਸਮੇਤ ਹੋਰ ਦੇਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ੇਖ ’ਤੇ ਮੁੱਖ ਮੰਤਰੀ ਉੱਤੇ ਹਮਲਾ ਕਰਨ ਲਈ ਖੀਮਜੀਭਾਈ ਨਾਲ ਮਿਲ ਕੇ ਸਾਜ਼ਿਸ਼ ਘੜਨ ਦਾ ਦੋਸ਼ ਹੈ।
