ਚੀਨ ਵੱਲੋਂ ਪੈਂਟਾਗਨ ਰਿਪੋਰਟ ਦੀ ਤਿੱਖੀ ਨਿਖੇਧੀ

ਚੀਨ ਵੱਲੋਂ ਪੈਂਟਾਗਨ ਰਿਪੋਰਟ ਦੀ ਤਿੱਖੀ ਨਿਖੇਧੀ

ਪੇਈਚਿੰਗ: ਚੀਨ ਨੇ ਪੈਂਟਾਗਨ ਦੀ ਉਸ ਰਿਪੋਰਟ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ, ਜਿਸ ਵਿੱਚ ਪੇਈਚਿੰਗ ’ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਭਾਰਤ ਨਾਲ ਸਰਹੱਦੀ ਤਣਾਅ ਘਟਾਉਣ ਦਾ ਫਾਇਦਾ ਉਠਾ ਕੇ ਅਮਰੀਕਾ-ਭਾਰਤ ਸਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪਾਕਿਸਤਾਨ ਨਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਚੀਨ ਨੇ ਇਸ ਨੂੰ ਝੂਠੇ ਬਿਰਤਾਂਤ ਰਾਹੀਂ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪੈਂਟਾਗਨ ਦੀ ਰਿਪੋਰਟ ਚੀਨ ਦੀ ਰੱਖਿਆ ਨੀਤੀ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ, ਚੀਨ ਅਤੇ ਹੋਰ ਦੇਸ਼ਾਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਦਾ ਉਦੇਸ਼ ਅਮਰੀਕਾ ਦੀ ਫੌਜੀ ਸਰਉੱਚਤਾ ਨੂੰ ਕਾਇਮ ਰੱਖਣ ਲਈ ਬਹਾਨਾ ਲੱਭਣਾ ਹੈ।’’ ਲਿਨ ਨੇ ਕਿਹਾ ਕਿ ਚੀਨ ਇਸ ਰਿਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਜ਼ਾਂਗ ਸ਼ਿਆਓਗਾਂਗ ਨੇ ਵੀ ਪੈਂਟਾਗਨ ਰਿਪੋਰਟ ਦੀ ਨਿਖੇਧੀ ਕੀਤੀ।

Share: