ਲਾਸ਼ ਬਦਲੀ ਮਾਮਲਾ: ਮ੍ਰਿਤਕ ਦੇ ਪਰਿਵਾਰ ਨੇ ਡੀ ਐੱਨ ਟੈਸਟ ਦੀ ਮੰਗ

ਲਾਸ਼ ਬਦਲੀ ਮਾਮਲਾ: ਮ੍ਰਿਤਕ ਦੇ ਪਰਿਵਾਰ ਨੇ ਡੀ ਐੱਨ ਟੈਸਟ ਦੀ ਮੰਗ

ਧਰਮਕੋਟ: ਇੱਥੋਂ ਦੇ ਇੱਕ ਹਸਪਤਾਲ ਵਿੱਚੋਂ ਲਾਸ਼ ਬਦਲੀ ਮਾਮਲੇ ਨੂੰ ਲੈਕੇ ਪੀੜਤ ਪਰਿਵਾਰ ਨੇ ਵੱਡੇ ਸ਼ੰਕੇ ਜ਼ਾਹਰ ਕਰਦਿਆਂ ਸੰਸਕਾਰ ਕੀਤੀ ਦੇਹ ਬਾਕੀ ਬਚੇ ਫੁੱਲਾਂ(ਹੱਡੀਆਂ) ਦੇ ਡੀ ਐੱਨ ਏ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਮ੍ਰਿਤਕ ਬਜ਼ੁਰਗ ਮਹਿਲਾ ਜਸਬੀਰ ਕੌਰ ਦੇ ਪਤੀ ਜਸਵੰਤ ਸਿੰਘ ਨੇ ਇਸ ਮਾਮਲੇ ਨੂੰ ਮਨੁੱਖੀ ਅੰਗਾਂ ਦੀ ਤੱਸਕਰੀ ਨਾਲ ਜੋੜਿਆ ਹੈ।

ਜਸਵੰਤ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਗੰਭੀਰ ਲਾਪਰਵਾਹੀ ਵਰਤਣ ਦੇ ਵੀ ਦੋਸ਼ ਲਗਾਏ ਹਨ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਰਹਿੰਦੇ ਬੱਚਿਆਂ ਨੇ ਆਖਰੀ ਵਾਰ ਆਪਣੀ ਮਾਂ ਦਾ ਮੂੰਹ ਤੱਕ ਨਹੀਂ ਦੇਖਿਆ ਅਤੇ ਮ੍ਰਿਤਕ ਦੀਆਂ ਅੰਤਿਮ ਰਸਮਾਂ ਵੀ ਉਹ ਨਿਭਾਅ ਨਹੀਂ ਸਕੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ 19 ਦਸੰਬਰ ਨੂੰ ਮ੍ਰਿਤਕ ਦੇਹ ਹਸਪਤਾਲ ਦੇ ਦੇਹ ਸੰਭਾਲ ਘਰ ਵਿੱਚ ਰੱਖਣ ਦੇ ਕੁਝ ਸਮੇਂ ਬਾਅਦ ਹੀ ਲਾਸ਼ ਨੂੰ ਬਾਹਰ ਕੱਢ ਕੇ ਗਾਇਬ ਕੀਤਾ ਗਿਆ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲੀਸ ਵਲੋਂ ਹਸਪਤਾਲ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਪਰਿਵਾਰ ਇਸ ਮਾਮਲੇ  ਦਾ ਮੁਕੰਮਲ ਸੱਚ ਸਾਹਮਣੇ ਲਿਆਉਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਨਜ਼ਦੀਕੀ ਪਿੰਡ ਕੜਾਹੇ ਵਾਲਾ ਦੀ ਬੀਮਾਰ ਬਜ਼ੁਰਗ ਮਹਿਲਾ ਜਸਬੀਰ ਕੌਰ ਦਾ ਇਲਾਜ ਦੌਰਾਨ ਲੁਧਿਆਣਾ ਦੇ ਔਰੀਸਨ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ ਅਤੇ ਉਸਦੇ ਪਤੀ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਦੇ ਇੰਤਜ਼ਾਰ ਦੇ ਮੱਦੇਨਜ਼ਰ ਮਿਰਤਕ ਦੇਹ ਨੂੰ ਉੱਥੇ ਹਸਪਤਾਲ ਹੀ ਰੱਖਵਾ ਦਿੱਤਾ ਸੀ।
22 ਦਸੰਬਰ ਨੂੰ ਜਦੋਂ ਪਰਿਵਾਰ ਦੇਹ ਨੂੰ ਅੰਤਿਮ ਸੰਸਕਾਰ ਲਈ ਆਪਣੇ ਪਿੰਡ ਵਾਪਸ ਲਿਆਉਣ ਲਈ ਜਦੋਂ ਹਸਪਤਾਲ ਪੁੱਜਾ ਤਾਂ ਦੇਹ ਬਦਲੀ ਦਾ ਮਾਮਲਾ ਸਾਹਮਣੇ ਆਇਆ ਸੀ। ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਲੇਕਿਨ ਪਰਿਵਾਰ ਅਜੇ ਵੀ ਡੂੰਘੇ ਸਦਮੇਂ ਵਿਚ ਹੈ।
Share: