ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ। ਵਿਰੋਧੀ ਧਿਰ ਪਾਰਟੀਆਂ ਪਰਾਲੀ, ਕਿਸਾਨਾਂ, ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਕਾਨੂੰਨ ਬਣਾਉਣ ‘ਤੇ ਚਰਚਾ ਦੀ ਮੰਗ ਉਠਾਈ ਹੈ। ਇਸ ਨਾਲ ਹੀ ਸਰਕਾਰ ਸੈਸ਼ਨ ਦੇ ਪਹਿਲੇ ਦਿਨ ਲੋਕਸਭਾ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰੇਗੀ।
ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਇਸ ਪੂਰੇ ਸੈਸ਼ਨ ‘ਚ ਕਰੀਬ 30 ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ ‘ਚ ਕ੍ਰਿਪਟੋਕਰੰਸੀ, ਬਿਜਲੀ, ਪੈਨਸ਼ਨ, ਵਿੱਤੀ ਸੁਧਾਰ ਤੇ ਬੈਂਕਿੰਗ ਕਾਨੂੰਨ ਨਾਲ ਜੁੜੇ ਬਿੱਲ ਸ਼ਾਮਲ ਹਨ।
ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਐੱਮਐੱਸਪੀ ਨੂੰ ਕਾਨੂੰਨੀ ਗਰੰਟੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਝੂਠੇ ਕੇਸਾਂ ਵਿੱਚ ਫਸੇ 35000 ਕਿਸਾਨਾਂ ਨੂੰ ਰਿਹਾਅ ਕਰਨ ਤੇ ਅੰਦੋਲਨ ਦੌਰਾਨ ਮਰਨ ਵਾਲੇ 700 ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਸਦਨ ਵਿਚ ਚਰਚਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਪਰ ਸਾਨੂੰ ਸਦਨ ਵਿਚ ਬੋਲਣ ਨਹੀਂ ਦਿੱਤਾ ਗਿਆ।
ਵਿੱਤ ਮੰਤਰਾਲੇ ਨੇ ਲੋਕ ਸਭਾ ‘ਚ ਇਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਭਾਰਤ ਸਰਕਾਰ ਬਿਟਕੁਆਇਨ ਲੈਣ-ਦੇਣ ‘ਤੇ ਡਾਟਾ ਇਕੱਠਾ ਨਹੀਂ ਕਰਦੀ ਹੈ। ਦੇਸ਼ ਵਿਚ ਬਿਟਕੋਇਨਨ ਨੂੰ ਮੁਦਰਾ ਵਜੋਂ ਮਾਨਤਾ ਦੇਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਲੋਕ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਦਰਮਿਆਨ ਖੇਤੀ ਕਾਨੂੰਨ ਰੱਦ ਬਿੱਲ, 2021 ਲੋਕ ਸਭਾ ਵਿਚ ਪਾਸ ਹੋ ਗਿਆ। ਲੋਕ ਸਭਾ ‘ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਬਿੱਲ ‘ਤੇ ਸਦਨ ‘ਚ ਚਰਚਾ ਦੀ ਮੰਗ ਕੀਤੀ ਸੀ।
ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤਕ ਤੇ ਰਾਜ ਸਭਾ ਦੀ ਕਾਰਵਾਈ 12:19 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।
ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਤਿੰਨ ਮਾਮਲਿਆਂ ਦਾ ਹੱਲ ਹੋ ਗਿਆ ਹੈ ਅਜੇ ਇਕ ਮਾਮਲਾ ਬਾਕੀ ਹੈ। ਇਕ ਸਾਲ ਵਿਚ ਜੋ ਨੁਕਸਾਨ ਹੋਇਆ ਹੈ ਉਸ ‘ਤੇ ਸਰਕਾਰ ਬੈਠ ਕੇ ਗੱਲ ਕਰੇ, ਹੱਲ ਕੱਢਿਆ ਜਾਵੇ। ਸਰਕਾਰ ਧੋਖੇ ਵਿਚ ਰੱਖ ਕੇ, ਜਾਅਲਸਾਜ਼ੀ ਨਾਲ ਝੂਠੇ ਬਿਆਨ ਦੇ ਕੇ ਮਾਮਲਾ ਸੁਲਝਾਉਣਾ ਚਾਹੁੰਦੀ ਹੈ ਤਾਂ ਇਸ ਨਾਲ ਮਾਮਲਾ ਖਤਮ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸਮੇਤ ਸੀਨੀਅਰ ਕੈਬਨਿਟ ਮੈਂਬਰਾਂ ਨਾਲ ਮੀਟਿੰਗ ਕੀਤੀ।
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਕੋਲ ਵਿਰੋਧ ਪ੍ਰਦਰਸ਼ਨ ਕੀਤਾ।
ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸੰਸਦ ਦਾ ਮਹੱਤਵਪੂਰਨ ਸੈਸ਼ਨ ਹੈ। ਦੇਸ਼ ਦੇ ਨਾਗਰਿਕ ਉਸਾਰੂ ਸੈਸ਼ਨ ਚਾਹੁੰਦੇ ਹਨ। ਉਜਵਲ ਭਵਿੱਖ ਲਈ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸਰਕਾਰ ਹਰ ਵਿਸ਼ੇ ‘ਤੇ ਚਰਚਾ ਕਰਨ ਲਈ ਤਿਆਰ ਹੈ, ਖੁੱਲ੍ਹੀ ਗੱਲਬਾਤ ਲਈ ਤਿਆਰ ਹੈ। ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਸਾਡੀ ਪੂਰੀ ਕੋਸ਼ਿਸ਼ ਹੈ ਤੇ ਇਮਾਨਦਾਰੀ ਦੇ ਨਾਲ ਚਾਹੁੰਦੇ ਹਾਂ ਕਿ ਸੰਸਦ ਦਾ ਸੈਸ਼ਨ ਸਹੀ ਢੰਗ ਨਾਲ ਚੱਲੇ। ਅਸੀਂ ਚਾਹੁੰਦੇ ਹਾਂ ਕਿ ਰਚਨਾਤਮਕ ਤੇ ਸਕਾਰਾਤਮਕ ਚਰਚਾ ਹੋਵੇ, ਇਕ ਮਜਬੂਤ ਵਿਰੋਧੀ ਹੋਵੇ। ਸੱਤਾ ਪੱਖ ਤੇ ਵਿਰੋਧ ਦੋਵੇਂ ਦੀ ਜ਼ਿੰਮੇਵਾਰ ਹਨ ਕਿ ਸੰਸਦ ਦੀ ਮਰਿਆਦਾ ਨੂੰ ਬਣਾਈ ਰੱਖਣ।
ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ (MSP) ਮੁੱਲ ਦਾ ਐਲਾਨ ਕਰਨ ਲਈ ਚਰਚਾ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਹ ਸਰਹੱਦ ਤੋਂ ਨਹੀਂ ਉੱਠਣਗੇ। ਅੱਜ ਅਸੀਂ ਕਿਸਾਨਾਂ ਦੇ ਮੁੱਦੇ ‘ਤੇ, ਮਹਿੰਗਾਈ ‘ਤੇ ਅਤੇ ਉਨ੍ਹਾਂ ਸਾਰੇ ਮੁੱਦਿਆਂ ‘ਤੇ ਗੱਲ ਕਰਾਂਗੇ ਜੋ ਪਹਿਲਾਂ ਉਠ ਚੁੱਕੇ ਹਨ।