ਆਕਲੈਂਡ ’ਚ ਨਗਰ ਕੀਰਤਨ ਦਾ ਰਸਤਾ ਰੋਕਿਆ

ਆਕਲੈਂਡ ’ਚ ਨਗਰ ਕੀਰਤਨ ਦਾ ਰਸਤਾ ਰੋਕਿਆ

ਅੰਮ੍ਰਿਤਸਰ: ਨਿਊਜ਼ੀਲੈਂਡ ਵਿੱਚ ਦੱਖਣੀ ਆਕਲੈਂਡ ਦੇ ਮਨੂਰੇਵਾ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਨਗਰ ਕੀਰਤਨ ਨੂੰ ਸਥਾਨਕ ਮਾਓਰੀ ਭਾਈਚਾਰੇ ਦੇ ਇੱਕ ਗਰੁੱਪ ਨੇ ਰਸਤੇ ’ਚ ਰੋਕ ਦਿੱਤਾ। ਨਗਰ ਕੀਰਤਨ ਜਦੋਂ ਗੁਰਦੁਆਰੇ ਵਾਪਸ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਰਸਤਾ ਰੋਕ ਕੇ ਵਿਰੋਧ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਹੇਠ ਕੀਤੀ। ਘਟਨਾ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਸ਼ਾਂਤ ਰਹੇ। ਕੁਝ ਸਮੇਂ ਬਾਅਦ ਪ੍ਰਦਰਸ਼ਨਕਾਰੀ ਰਾਹ ’ਚੋਂ ਪਾਸੇ ਹੋ ਗਏ ਤੇ ਨਗਰ ਕੀਰਤਨ ਗੁਰਦੁਆਰੇ ਵੱਲ ਰਵਾਨਾ ਹੋ ਗਿਆ।

ਸਿੱਖ ਆਗੂਆਂ ਨੇ ਨਿਊਜ਼ੀਲੈਂਡ ’ਚ ਨਗਰ ਕੀਰਤਨ ਰੋਕਣ ਦੀ ਘਟਨਾ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਸਮਾਜਿਕ ਤੇ ਭਾਈਚਾਰਕ ਏਕਤਾ ਲਈ ਖ਼ਤਰਾ ਕਰਾਰ ਦਿੱਤਾ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਲਈ ਰਵਾਇਤੀ ਤਿਉਹਾਰ ਮਨਾਉਣ ਲਈ ਸੁਰੱਖਿਅਤ ਤੇ ਸਾਜ਼ਗਾਰ ਮਾਹੌਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਘਟਨਾ ਨੂੰ ਸਿੱਖ ਭਾਈਚਾਰੇ, ਸਮਾਜਿਕ ਤੇ ਫ਼ਿਰਕੂ ਏਕਤਾ ਲਈ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਵਿਦੇਸ਼ ਮੰਤਰੀ ਵਿੰਸਟਨ ਪੀਟਰਸ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ। ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਪੱਧਰ ’ਤੇ ਉਠਾਉਣ ਦੀ ਅਪੀਲ ਕੀਤੀ। ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਘਟਨਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਨਿਊਜ਼ੀਲੈਂਡ ਤੋਂ ਸਿੱਖਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਥਾਨਕ ਮਾਓਰੀ ਭਾਈਚਾਰਾ ਸਿੱਖਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਤੇ ਇਹ ਘਟਨਾ ਕਿਸੇ ਸ਼ਰਾਰਤੀ ਗੁੱਟ ਦੀ ਕਾਰਵਾਈ ਲੱਗਦੀ ਹੈ। ਘਟਨਾ ਮਗਰੋਂ ਨਿਊਜ਼ੀਲੈਂਡ ’ਚ 25 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਥਾਨਕ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ।

ਸਿੱਖ ਰਵਾਇਤਾਂ ਪ੍ਰਤੀ ਨਫ਼ਰਤੀ ਨਜ਼ਰੀਆ ਨਿੰਦਣਯੋਗ: ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਹਮੇਸ਼ਾ ਦੁਨੀਆ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ’ਚ ਮਿਸਾਲੀ ਯੋਗਦਾਨ ਪਾਇਆ ਹੈ, ਜਿਸ ਦੇ ਬਾਵਜੂਦ ਸਿੱਖ ਰਵਾਇਤਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਣਾ ਨਿੰਦਣਯੋਗ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨਿਊਜ਼ੀਲੈਂਡ ’ਚ ਨਗਰ ਕੀਰਤਨ ਰੋਕਣ ਦੀ ਘਟਨਾ ’ਚ ਸ਼ਾਮਲ ਲੋਕਾਂ ਵਿਰੁੱਧ ਕਰਵਾਈ ਕੀਤੀ ਜਾਵੇ।

ਨਗਰ ਕੀਰਤਨ ਦਾ ਵਿਰੋਧ ਚਿੰਤਾਜਨਕ: ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ: ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਪਵਿੱਤਰ ਧਾਰਮਿਕ ਪਰੰਪਰਾ ਹੈ ਜੋ ਸਮਾਜ ਵਿੱਚ ਸਾਂਝ, ਪਿਆਰ ਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਨਗਰ ਕੀਰਤਨ ਦਾ ਵਿਰੋਧ ਦੁਖਦਾਈ ਅਤੇ ਚਿੰਤਾਜਨਕ ਹੈ।

Share: