ਵਿਨੀਪੈਗ: ਕੈਨੇਡਾ ਦੇ ਕਈ ਸੂਬਿਆਂ ਵਿੱਚ ਬਰਫ਼ੀਲੇ ਤੂਫ਼ਾਨ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਐਲਬਰਟਾ ਅਤੇ ਸਸਕੈਚਵਨ ਤੋਂ ਬਾਅਦ ਹੁਣ ਇਸ ਤੂਫ਼ਾਨ ਨੇ ਮੈਨੀਟੋਬਾ ਵਿੱਚ ਦਸਤਕ ਦਿੱਤੀ ਹੈ ਅਤੇ ਇਹ ਓਨਟਾਰੀਓ ਵੱਲ ਵਧ ਰਿਹਾ ਹੈ।
ਵਿਨੀਪੈਗ ਸਮੇਤ ਦੱਖਣੀ ਮੈਨੀਟੋਬਾ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਕਾਰਨ ਵਿਜ਼ੀਬਿਲਿਟੀ ਲਗਭਗ ਸਿਫ਼ਰ ਹੋ ਗਈ ਹੈ। ਇਸ ਕਾਰਨ ਵਿਨੀਪੈਗ ਦੇ ਸਾਰੇ ਪ੍ਰਮੁੱਖ ਸਕੂਲ ਬੋਰਡਾਂ ਨੇ ਕਲਾਸਾਂ ਅਤੇ ਬੱਸ ਸੇਵਾਵਾਂ ਰੱਦ ਕਰ ਦਿੱਤੀਆਂ ਹਨ, ਜਦੋਂਕਿ ਵਿਨੀਪੈਗ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸੜਕਾਂ ’ਤੇ ਵਾਪਰੇ ਕਈ ਹਾਦਸਿਆਂ ਤੋਂ ਬਾਅਦ ਐਮਰਜੈਂਸੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।ਸ਼ਹਿਰ ਵਿੱਚ ਬੁਨਿਆਦੀ ਸੇਵਾਵਾਂ ਜਿਵੇਂ ਕਿ ਬੱਸ ਸਰਵਿਸ, ਕੂੜਾ ਇਕੱਠਾ ਕਰਨਾ ਅਤੇ ਘਰੇਲੂ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਤਕਰੀਬਨ 80 ਬੱਸਾਂ ਬਰਫ਼ ਵਿੱਚ ਫਸਣ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਹਵਾਈ ਅੱਡੇ ਤੋਂ ਦਰਜਨਾਂ ਉਡਾਣਾਂ ਰੱਦ ਕਰਨੀਆਂ ਪਈਆਂ।
ਪ੍ਰਸ਼ਾਸਨ ਨੇ ਮੁੱਖ ਹਾਈਵੇਅ ਬੰਦ ਕਰ ਦਿੱਤੇ ਹਨ ਅਤੇ ਸੜਕਾਂ ’ਤੇ ਪਾਰਕਿੰਗ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਤਾਂ ਜੋ ਬਰਫ਼ ਸਾਫ਼ ਕਰਨ ਦਾ ਕੰਮ ਨਿਰਵਿਘਨ ਚੱਲ ਸਕੇ। ਅਲਬਰਟਾ ਵਿੱਚ ਪਹਿਲਾਂ ਹੀ ਇਸ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ, ਜਿੱਥੇ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ -30 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ, ਜਿਸ ਕਾਰਨ ਫਿਲਹਾਲ ਰਾਹਤ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ।

