ਊਧਮਪੁਰ ਮੁਕਾਬਲੇ ਵਿਚ ਪੁਲੀਸ ਕਰਮੀ ਦੀ ਮੌਤ, ਇਕ ਦਹਿਸ਼ਤਗਰਦ ਵੀ ਜ਼ਖ਼ਮੀ

ਊਧਮਪੁਰ ਮੁਕਾਬਲੇ ਵਿਚ ਪੁਲੀਸ ਕਰਮੀ ਦੀ ਮੌਤ, ਇਕ ਦਹਿਸ਼ਤਗਰਦ ਵੀ ਜ਼ਖ਼ਮੀ

ਜੰਮੂ: ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਦੂਰ ਦੁਰਾਡੇ ਜੰਗਲੀ ਇਲਾਕੇ ਨਾਲ ਲੱਗਦੇ ਪਿੰਡ ਵਿਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿਚ ਇਕ ਪੁਲੀਸ ਕਰਮੀ ਦੀ ਮੌਤ ਹੋ ਗਈ ਜਦੋਂਕਿ ਇਕ ਦਹਿਸ਼ਤਗਰਦ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਰੁਕ ਗਈ ਹੈ, ਪਰ ਸੁਰੱਖਿਆ ਬਲਾਂ ਨੇ ਇਲਾਕੇ ਦੀ ਸਖ਼ਤ ਘੇਰਾਬੰਦੀ ਕਰਕੇ ਦਹਿਸ਼ਤਗਰਦਾਂ ਨੂੰ ਇਕ ਥਾਂ ’ਤੇ ਸੀਮਤ ਕਰ ਦਿੱਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਵਿਚ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਜਾਣਕਾਰੀ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਵਿੱਢੀ ਸੀ। ਮੁਕਾਬਲਾ ਪਹਾੜੀ ਜ਼ਿਲ੍ਹੇ ਦੇ ਮਾਜਾਲਤਾ ਇਲਾਕੇ ਦੇ ਸੋਨ ਪਿੰਡ ਵਿਚ ਹੋਇਆ। ਜੰਮੂ ਦੇ ਪੁਲੀਸ ਇੰਸਪੈਕਟਰ ਜਨਰਲ ਭੀਮ ਸੈਨ ਟੂਟੀ ਨੇ ਕਿਹਾ ਕਿ ਦੂਰ-ਦੁਰਾਡੇ ਪਿੰਡ ਵਿੱਚ ਅਤਿਵਾਦੀਆਂ ਬਾਰੇ ਸਟੀਕ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਫੌਜ ਅਤੇ ਸੀਆਰਪੀਐਫ ਦੇ ਨਾਲ ਪੁਲੀਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੀ ਸਾਂਝੀ ਟੀਮ ਕੰਮ ’ਤੇ ਹੈ।’’

ਇੱਕ ਹੋਰ ਪੋਸਟ ਵਿੱਚ, ਆਈਜੀਪੀ ਨੇ ਕਿਹਾ, ‘‘ਇੱਕ ਬਹੁਤ ਹੀ ਛੋਟੀ ਐਸਓਜੀ ਟੀਮ ਨੇ ਅਤਿਵਾਦੀਆਂ ਨੂੰ ਘੇਰ ਲਿਆ! ਹਨੇਰੇ ਅਤੇ ਖਤਰਨਾਕ ਇਲਾਕੇ ਕਾਰਨ ਜੰਗਲ ਦੀ ਤਲਾਸ਼ੀ ਵਿੱਚ ਰੁਕਾਵਟ ਆਈ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਇਹ ਮੁਕਾਬਲਾ ਸੋਮਵਾਰ ਸ਼ਾਮੀਂ 6 ਵਜੇ ਦੇ ਕਰੀਬ ਘੇਰੇ ਹੋਏ ਪਿੰਡ ਵਿੱਚ ਹੋਇਆ ਅਤੇ ਕੁਝ ਸਮੇਂ ਤੱਕ ਜਾਰੀ ਰਿਹਾ, ਜਿਸ ਦੇ ਨਤੀਜੇ ਵਜੋਂ ਇੱਕ ਐਸਓਜੀ ਜਵਾਨ ਜ਼ਖਮੀ ਹੋ ਗਿਆ ਜੋ ਬਾਅਦ ਵਿੱਚ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਅਤਿਵਾਦੀ ਦੇ ਜ਼ਖਮੀ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਰਾਤ ਲਈ ਮੁਅੱਤਲ ਕਰ ਦਿੱਤੀ ਗਈ ਸੀ, ਅਤੇ ਮੰਗਲਵਾਰ ਨੂੰ ਦਿਨ ਦੀ ਪਹਿਲੀ ਰੌਸ਼ਨੀ ਨਾਲ ਦੁਬਾਰਾ ਸ਼ੁਰੂ ਕੀਤੀ ਜਾਵੇਗੀ।

Share: