ਨਾਗਪੁਰ ਵਿਚ ਵਿਸਫੋਟਕ ਬਣਾਉਣ ਵਾਲੀ ਕੰਪਨੀ ਦੀ ਹਵਾਈ ਪੱਟੀ ’ਤੇੇ ਨਜ਼ਰ ਆਇਆ ਡਰੋਨ

ਨਾਗਪੁਰ ਵਿਚ ਵਿਸਫੋਟਕ ਬਣਾਉਣ ਵਾਲੀ ਕੰਪਨੀ ਦੀ ਹਵਾਈ ਪੱਟੀ ’ਤੇੇ ਨਜ਼ਰ ਆਇਆ ਡਰੋਨ

ਨਾਗਪੁਰ: ਨਾਗਪੁਰ ਵਿਚ ਰੱਖਿਆ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਸੋਲਰ ਇੰਡਸਟਰੀਜ਼ ਦੀ ਹਵਾਈ ਪੱਟੀ ਉੱਤੇ ਇੱਕ ਅਣਪਛਾਤਾ ਡਰੋਨ ਉੱਡਦਾ ਦੇਖਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਡਾ: ਹਰਸ਼ ਪੋਦਾਰ ਨੇ ਕਿਹਾ ਕਿ ਕੋਂਧਾਲੀ ਪੁਲੀਸ ਥਾਣੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਜਾਰੀ ਹੈ।

ਡਰੋਨ 9 ਦਸੰਬਰ ਨੂੰ ਸ਼ਾਮ 7.15 ਵਜੇ ਦੇ ਕਰੀਬ ਨਾਗਪੁਰ-ਅਮਰਾਵਤੀ ਸੜਕ ’ਤੇ ਸਥਿਤ ਕੰਪਨੀ ਦੀ ਹਵਾਈ ਪੱਟੀ ’ਤੇ ਉੱਡਦੇ ਹੋਏ ਦੇਖਿਆ ਗਿਆ, ਜੋ ਕਿ ਇੱਥੋਂ 40 ਕਿਲੋਮੀਟਰ ਦੂਰ ਹੈ। ਕੋਂਧਾਲੀ ਪੁਲੀਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਨੇਰੇ ਕਾਰਨ ਡਰੋਨ ਦੇ ਸਹੀ ਆਕਾਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਸੋਲਰ ਗਰੁੱਪ ਦੇ ਸੁਰੱਖਿਆ ਕਰਮਚਾਰੀਆਂ ਨੇ ਅਸਮਾਨ ਵਿੱਚ ਸਿਰਫ਼ ਝਪਕਦੀਆਂ ਲਾਈਟਾਂ ਵੇਖੀਆਂ। ਉਨ੍ਹਾਂ ਨੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਫਿਰ ਕੋਂਧਾਲੀ ਪੁਲੀਸ ਨੂੰ ਸੂਚਿਤ ਕੀਤਾ।

ਅਧਿਕਾਰੀ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਨੇੜਲੇ ਪਿੰਡਾਂ ਦੀ ਤਲਾਸ਼ੀ ਲਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਡਰੋਨ ਕਿਸੇ ਵਿਆਹ ਜਾਂ ਨਿੱਜੀ ਸਮਾਗਮ ਲਈ ਲਾਂਚ ਕੀਤਾ ਗਿਆ ਸੀ ਜਾਂ ਅਣਜਾਣੇ ਵਿੱਚ ਰਸਤਾ ਭਟਕ ਗਿਆ ਸੀ। ਪੁਲੀਸ ਨੇ ਮਲਕਾਪੁਰ, ਸ਼ਿਵਾ ਅਤੇ ਸਵਾਂਗਾ ਪਿੰਡਾਂ ਵਿੱਚ ਤਲਾਸ਼ੀ ਲਈ, ਪਰ ਡਰੋਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

Share: