ਮੈਸੀ ਦੀ ਦਿੱਲੀ ਫੇਰੀ ਤੋਂ ਪਹਿਲਾਂ ਦਿੱਲੀ ਪੁਲੀਸ ਹਾਈ ਅਲਰਟ ’ਤੇ

ਮੈਸੀ ਦੀ ਦਿੱਲੀ ਫੇਰੀ ਤੋਂ ਪਹਿਲਾਂ ਦਿੱਲੀ ਪੁਲੀਸ ਹਾਈ ਅਲਰਟ ’ਤੇ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਦੀ ਅੱਜ ਦਿੱਲੀ ਫੇਰੀ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੇ ਕੇਂਦਰੀ ਹਿੱਸਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਗਲੋਬਲ ਫੁੱਟਬਾਲ ਆਈਕਨ ਲਿਓਨਲ ਮੈਸੀ ਦੇ ਦਿੱਲੀ ਦੌਰੇ ਕਰਕੇ ਸ਼ਹਿਰ ਵਿਚ ਆਵਾਜਾਈ ਪਾਬੰਦੀਆਂ ਲਗਾਈਆਂ ਗਈਆਂ ਹਨ। ਨਵੀਂ ਦਿੱਲੀ ਮੈਸੀ ਦੇ ਭਾਰਤ ਦੌਰੇ ਦਾ ਆਖਰੀ ਪੜਾਅ ਹੈ। ਮੈਸੀ ਅੱਜ ਦੁਪਹਿਰੇ 1 ਵਜੇ ਤੋਂ 4 ਵਜੇ ਦਰਮਿਆਨ ਸਥਾਨਕ ਅਰੁਣ ਜੇਤਲੀ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰੇਗਾ। ਮੈਸੀ ਨੇ ਐਤਵਾਰ ਵੱਡੇ ਤੜਕੇ ਕੋਲਕਾਤਾ ਪੁੱਜ ਕੇ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਸਾਲਟ ਲੇਕ ਸਟੇਡੀਅਮ ਵਿਚ ਮੈਸੀ ਦੇ ਪ੍ਰਸ਼ੰਸਕਾਂ ਵੱਲੋਂ ਪਾਏ ਗਾਹ ਕਰਕੇ ਉਨ੍ਹਾਂ ਦੀ ਇਹ ਫੇਰੀ ਵਿਵਾਦਾਂ ਵਿਚ ਆ ਗਈ। ਹਾਲਾਂਕਿ 2022 ਦੇ ਵਿਸ਼ਵ ਕੱਪ ਚੈਂਪੀਅਨ ਦਾ ਹੈਦਰਾਬਾਦ ਅਤੇ ਮੁੰਬਈ ਦੌਰਾ ਸੁਚਾਰੂ ਢੰਗ ਨਾਲ ਚੱਲਿਆ।

ਦਿੱਲੀ ਪੁਲੀਸ ਨੇ ਕਿਹਾ ਕਿ ਮੈਸੀ ਦੀ ਫੇਰੀ ਲਈ ਵਿਸਤ੍ਰਿਤ ਅਤੇ ਬਹੁ-ਪੱਧਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਭੀੜ ਪ੍ਰਬੰਧਨ, ਪਹੁੰਚ ਨਿਯੰਤਰਣ ਅਤੇ ਟ੍ਰੈਫਿਕ ਕੰਟਰੋਲ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੁਲੀਸ ਮੁਤਾਬਕ ਸਟੇਡੀਅਮ ਦੇ ਆਲੇ-ਦੁਆਲੇ ਕਈ ਸੁਰੱਖਿਆ ਰਿੰਗ ਸਥਾਪਤ ਕੀਤੇ ਗਏ ਹਨ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨੀਮ ਫੌਜੀ ਬਲਾਂ ਦੇ ਨਾਲ ਵਾਧੂ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਟੇਡੀਅਮ ਅਤੇ ਨਿਰਧਾਰਤ ਖੇਤਰਾਂ ਵਿੱਚ ਦਾਖਲੇ ਨੂੰ ਸਖ਼ਤੀ ਨਾਲ ਨਿਯੰਤ੍ਰਿਤ ਕੀਤਾ ਜਾ ਰਿਹਾ ਹੈ, ਅਤੇ ਕਿਸੇ ਨੂੰ ਵੀ ਵੈਧ ਪਾਸ ਤੋਂ ਬਿਨਾਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਨਾਲ ਚੱਪੇ ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਮੈਸੀ ਵੱਲੋਂ ਤਿੰਨ ਰੋਜ਼ਾ ਫੇਰੀ ਦੇ ਆਖਰੀ ਪੜਾਅ ਤਹਿਤ ਸੋਮਵਾਰ ਨੂੰ ਦਿੱਲੀ ਵਿਚ ਇਕ ਸੰਸਦ ਮੈਂਬਰ ਦੀ ਸਰਕਾਰੀ ਰਿਹਾਇਸ਼ ’ਤੇ ਥਲ ਸੈਨਾ ਮੁਖੀ, ਭਾਰਤ ਦੇ ਚੀਫ਼ ਜਸਟਿਸ ਤੇ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਅਗਸਟਿਨ ਕੌਸੀਨੋ ਨੂੰ ਵੀ ਮਿਲਣ ਦੀ ਉਮੀਦ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ ਰਾਹੁਲ ਨਵੀਨ ਦੇ ਵੀ ਸੰਸਦ ਮੈਂਬਰ ਦੇ ਘਰ ਚੋਣਵੇਂ ਇਕੱਠ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ, ਜਿਸ ਵਿੱਚ ਚੋਣਵੇਂ ਉੱਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਣਗੇ। ਮੈਸੀ ਦੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀਆਂ ਵੀ ਚਰਚਾਵਾਂ ਸਨ, ਪਰ ਸ੍ਰੀ ਮੋਦੀ ਦੇ ਅੱਜ ਸਵੇਰੇ ਤਿੰਨ ਮੁਲਕੀ ਦੌਰੇ ਲਈ ਰਵਾਨਾ ਹੋਣ ਕਰਕੇ ਇਨ੍ਹਾਂ ਕਿਆਸਾਂ ਦਾ ਭੋਗ ਪੈ ਗਿਆ ਹੈ।

Share: