ਮੈਸੀ ਦੇ ਪ੍ਰੋਗਰਾਮ ’ਚ ਘੜਮੱਸ: ਬੰਗਾਲ ਦੇ ਰਾਜਪਾਲ ਅਤੇ ਜਾਂਚ ਕਮੇਟੀ ਵੱਲੋਂ ਸਟੇਡੀਅਮ ਦਾ ਦੌਰਾ

ਮੈਸੀ ਦੇ ਪ੍ਰੋਗਰਾਮ ’ਚ ਘੜਮੱਸ: ਬੰਗਾਲ ਦੇ ਰਾਜਪਾਲ ਅਤੇ ਜਾਂਚ ਕਮੇਟੀ ਵੱਲੋਂ ਸਟੇਡੀਅਮ ਦਾ ਦੌਰਾ

ਕੋਲਕਾਤਾ: ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੀ ਆਮਦ ’ਤੇ ਇਥੇ ਸਾਲਟ ਲੇਕ ਸਟੇਡੀਅਮ ’ਚ ਪਏ ਘੜਮੱਸ ਦੇ ਇਕ ਦਿਨ ਮਗਰੋਂ ਪੱਛਮੀ ਬੰਗਾਲ ਦੇ ਰਾਜਪਾਲ ਸੀ ਪੀ ਆਨੰਦ ਬੋਸ ਅਤੇ ਜਾਂਚ ਕਮੇਟੀ ਦੇ ਮੈਂਬਰਾਂ ਨੇ ਅੱਜ ਸਟੇਡੀਅਮ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਰਾਜਪਾਲ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਉਧਰ ਸਟੇਡੀਅਮ ’ਚ ਮਾੜੇ ਪ੍ਰਬੰਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਮੁੱਖ ਪ੍ਰਬੰਧਕ ਸਤਾਦਰੂ ਦੱਤਾ ਨੂੰ 14 ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਦੱਤਾ ਨੂੰ ਜਦੋਂ ਪੇਸ਼ੀ ਲਈ ਲਿਆਂਦਾ ਗਿਆ ਤਾਂ ਭਾਜਪਾ ਵਰਕਰਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ।

ਰਾਜਪਾਲ ਬੋਸ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਵਿੱਖ ’ਚ ਅਜਿਹੇ ਪ੍ਰੋਗਰਾਮਾਂ ਦੇ ਪ੍ਰਬੰਧਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਅਪਣਾਈ ਜਾਵੇ। ਰਾਜਪਾਲ ਦੇ ਨਾਲ ਮੁੱਖ ਸਕੱਤਰ ਮਨੋਜ ਪੰਜ ਅਤੇ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਟੇਡੀਅਮ ’ਚ ਹਫੜਾ-ਦਫੜੀ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਦਰਸ਼ਕਾਂ ਨੂੰ ਟਿਕਟਾਂ ਦੇ ਪੈਸੇ ਫੌਰੀ ਮੋੜੇ ਜਾਣੇ ਚਾਹੀਦੇ ਹਨ। ਸ੍ਰੀ ਬੋਸ ਨੇ ਕਿਹਾ ਕਿ ਉਹ ਪੀੜਤਾਂ ਨਾਲ ਗੱਲਬਾਤ ਮਗਰੋਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਵਿਸਥਾਰਤ ਰਿਪੋਰਟ ਸੌਂਪਣਗੇ ਜਿਸ ’ਚ ਕੁਝ ਸੁਝਾਅ ਵੀ ਹੋਣਗੇ। ਰਾਜਪਾਲ ਨੂੰ ਸ਼ਨਿਚਰਵਾਰ ਨੂੰ ਸਾਲਟ ਲੇਕ ਸਟੇਡੀਅਮ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ। ਉਨ੍ਹਾਂ ਸਟੇਡੀਅਮ ’ਚ ਵਾਪਰੀ ਘਟਨਾ ਨੂੰ ਕੋਲਕਾਤਾ ਦੇ ਖੇਡ ਪ੍ਰੇਮੀਆਂ ਲਈ ਕਾਲਾ ਦਿਨ ਕਰਾਰ ਦਿੱਤਾ ਸੀ। ਇਸ ਦੌਰਾਨ ਕਲਕੱਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਆਸ਼ਿਮ ਕੁਮਾਰ ਰੇਅ ਦੀ ਅਗਵਾਈ ਹੇਠਲੀ ਕਮੇਟੀ ਦੇ ਮੈਂਬਰਾਂ ਨੇ ਸਟੇਡੀਅਮ ’ਚ ਉਸ ਥਾਂ ਤੋਂ ਆਪਣੀ ਜਾਂਚ ਆਰੰਭੀ ਜਿਥੋਂ ਮੈਸੀ ਦਾਖ਼ਲ ਹੋਇਆ ਸੀ। ਇਸ ਦੌਰਾਨ ਸਟੇਡੀਅਮ ’ਚ ਸਾਫ਼-ਸਫ਼ਾਈ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ।

Share: