ਦੁਬਈ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ’ਚ ਉੱਚ ਪੱਧਰੀ ਕੌਮਾਂਤਰੀ ਸਿਖਰ ਸੰਮੇਲਨ ਦੌਰਾਨ ਯੂਰੋਪ, ਬਰਤਾਨੀਆ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਕਈ ਅਹਿਮ ਭੂ-ਰਾਜਨੀਤਕ ਤੇ ਸੁਰੱਖਿਆ ਸਬੰਧੀ ਚੁਣੌਤੀਆਂ ਬਾਰੇ ਚਰਚਾ ਲਈ ਦੁਨੀਆ ਭਰ ਦੇ ਨੇਤਾ ਅਤੇ ਨੀਤੀ ਘਾੜੇ ਯੂ ਏ ਈ ’ਚ ਇਕੱਠੇ ਹੋਏ ਸਨ।
ਸ੍ਰੀ ਜੈਸ਼ੰਕਰ ਨੇ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਪੋਸਟ ’ਚ ਕਿਹਾ ਕਿ ਲਗਜ਼ਮਬਰਗ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਜ਼ੇਵੀਅਰ ਬੈਟੇਲ, ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਰਾਦੋਸਲਾਵ ਸਿਕੋਰਸਕੀ ਅਤੇ ਲਾਤਵੀਆ ਦੀ ਵਿਦੇਸ਼ ਮੰਤਰੀ ਬੈਬਾ ਬਰੇਜ਼ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਇਹ ਮੰਤਰੀ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਘਾਬੀ ’ਚ ਤਿੰਨ ਰੋਜ਼ਾ ‘ਸਰ ਬਾਨੀ ਯਾਸ ਫੋਰਮ 2025’ ’ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਇਹ ਸੰਮੇਲਨ ਅੱਜ ਖਤਮ ਹੋਇਆ ਹੈ। ਉਨ੍ਹਾਂ ਸਿਖਰ ਸੰਮੇਲਨ ਦੌਰਾਨ ਬਰਤਾਨੀਆ ਦੇ ਉਪ ਪ੍ਰਧਾਨ ਮੰਤਰੀ ਡੇਵਿਡ ਲੈਮੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਇੱਕ ਹੋਰ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਬਰਤਾਨੀਆ ਦੇ ਉਪ ਪ੍ਰਧਾਨ ਮੰਤਰੀ ਡੇਵਿਡ ਲੈਮੀ ਨੂੰ ਸਰ ਬਾਨੀ ਯਾਸ ਫੋਰਮ 2025 ’ਚ ਦੇਖ ਕੇ ਚੰਗਾ ਲੱਗਾ।’’ ਉਨ੍ਹਾਂ ਮਿਸਰ ਦੇ ਵਿਦੇਸ਼ ਮੰਤਰੀ ਡਾ. ਬਦਰ ਅਬਦੇਲੱਟੀ ਨਾਲ ਵੀ ਮੀਟਿੰਗ ਕੀਤੀ। ਸਰ ਬਾਨੀ ਯਾਸ ਫੋਰਮ ਸਾਲਾਨਾ ਮੰਚ ਹੈ ਜੋ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਲਈ ਆਲਮੀ ਆਗੂਆਂ, ਮੰਤਰੀਆਂ ਤੇ ਮਾਹਿਰਾਂ ਨੂੰ ਨਾਲ ਲਿਆਉਂਦਾ ਹੈ।

