ਵਿਟਕੌਫ ਤੇ ਕੁਸ਼ਨਰ ਯੂਕਰੇਨ ਸ਼ਾਂਤੀ ਵਾਰਤਾ ਲਈ ਬਰਲਿਨ ਪੁੱਜੇ

ਬਰਲਿਨ:  ਯੂਕਰੇਨ ’ਚ ਜੰਗ ਦੇ ਖਾਤਮੇ ਲਈ ਵਾਰਤਾ ਦੇ ਇਕ ਹੋਰ ਗੇੜ ਵਾਸਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਉਨ੍ਹਾਂ ਦੇ ਜਵਾਈ ਜੇਰਡ ਕੁਸ਼ਨਰ ਬਰਲਿਨ ਪਹੁੰਚ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਯੂਰੋਪੀਅਨ ਆਗੂਆਂ ਨਾਲ ਆਉਂਦੇ ਦਿਨਾਂ ’ਚ ਬਰਲਿਨ ’ਚ ਮੀਟਿੰਗਾਂ ਕਰਨਗੇ। ਉਨ੍ਹਾਂ ਕੌਮ ਦੇ ਨਾਮ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਦੂਤਾਂ ਨਾਲ ਮੀਟਿੰਗ ਕਰਨਗੇ ਤਾਂ ਜੋ ਸ਼ਾਂਤੀ ਕਾਇਮ ਕਰਕੇ ਜੰਗ ਖ਼ਤਮ ਕਰਨ ਦਾ ਸਮਝੌਤਾ ਹੋ ਸਕੇ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਲੱਖਾਂ ਪਰਿਵਾਰ ਬਿਜਲੀ ਅਤੇ ਪਾਣੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਸ਼ੁੱਕਰਵਾਰ ਤੋਂ ਬੁਨਿਆਦੀ ਸੇਵਾਵਾਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮੰਗ ਕੀਤੀ ਹੈ ਕਿ ਯੂਕਰੇਨ, ਦੋਨੇਤਸਕ ਖ਼ਿੱਤੇ ’ਚੋਂ ਆਪਣੀ ਫ਼ੌਜ ਹਟਾ ਲਵੇ ਅਤੇ ਨਾਟੋ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਰੱਦ ਕਰੇ।

Share: