ਅਲਾਸਕਾ: ਯੂਕਰੇਨ ਅਤੇ ਰੂਸ ਵਿਚਾਲੇ ਜਾਰੀ ਯੁੱਧ ਨੂੰ ਸਮਾਪਤ ਕਰਵਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਡਲ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਰਮਿਆਨ ਹੋਈ ਗੱਲਬਾਤ ਸਿਰੇ ਨਾ ਚੜ੍ਹ ਸਕੀ ਅਤੇ ਦੋਵਾਂ ਨੇਤਾਵਾਂ ਵਿਚਾਲੇ ਕੁੱਝ ਅਹਿਮ ਮੁੱਦਿਆਂ ’ਤੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਦੋਵਾਂ ਨੇਤਾਵਾਂ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ ਹੈ।
ਅਲਾਸਕਾ ਵਿੱਚ ਦੋਵਾਂ ਨੇਤਾਵਾਂ ਦਰਮਿਆਨ ਮੀਟਿੰਗ ਮਗਰੋਂ ਪੁੂਤਿਨ ਨੇ ਦਾਅਵਾ ਕੀਤਾ ਕਿ ਯੂਕਰੇਨ ਬਾਰੇ ‘ਸਹਿਮਤੀ’ ਬਣੀ ਹੈ। ਉਨ੍ਹਾਂ ਨਾਲ ਹੀ ਯੂਰਪ ਨੂੰ ਚਿਤਾਵਨੀ ਦਿੱਤੀ ਕਿ ਉਹ ਤਰੱਕੀ ’ਚ ਕੋਈ ਰੁਕਾਵਟ ਨਾ ਪਾਵੇ। ਪੂਤਿਨ ਦੇ ਦਾਅਵੇ ਮਗਰੋਂ ਟਰੰਪ ਨੇ ਕਿਹਾ, ‘‘ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤੱਕ ਕੁੱਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ।’’
ਟਰੰਪ ਨੇ ਕਿਹਾ ਕਿ ਉਹ ਪੂਤਿਨ ਅਤੇ ਉਨ੍ਹਾਂ ਦਰਮਿਆਨ ਹੋਈ ਗੱਲਬਾਤ ਦੀ ਜਾਣਕਾਰੀ ਦੇਣ ਲਈ ਯੂਕਰੇਨ ਦੇ ਰਾਸ਼ਟਰਪਤੀ ਵਾਲੋਦੀਮੀਰ ਜ਼ੈਲੈਂਸਕੀ ਅਤੇ ਯੂਰਪੀਅਨ ਨੇਤਾਵਾਂ ਨੂੰ ਸੱਦਣਗੇ। ਮੀਟਿੰਗ ਮਗਰੋਂ ਟਰੰਪ ਨੇ ਕਿਹਾ, ‘‘ਸਾਡੀ ਮੀਟਿੰਗ ਬੇਹੱਦ ਸਫ਼ਲ ਰਹੀ, ਕਈ ਮੁੱਦਿਆਂ ’ਤੇ ਸਹਿਮਤੀ ਬਣੀ ਹੈ, ਕੁੱਝ ਬਾਕੀ ਹਨ। ਕੁੱਝ ਉਨ੍ਹੇ ਮਹੱਤਵਪੂਰਨ ਨਹੀਂ ਹਨ। ਇੱਕ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਸੀਂ ਉਸ ਨੂੰ ਵੀ ਸੁਲਝਾ ਲਵਾਂਗੇ।’’
ਦੂਜੇ ਪਾਸੇ ਪੂਤਿਨ ਨੇ ਕਿਹਾ ਕਿ ਟਰੰਪ ਇਸ ਗੱਲ ਨੂੰ ਸਮਝਦੇ ਹਨ ਕਿ ਰੂਸ ਦੇ ਆਪਣੇ ਹਿੱਤ ਹਨ।
ਰੂਸ ਅਤੇ ਯੂਕਰੇਨ ਦਰਮਿਅਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ।

