ਸਿਸਾਕੇਤ (ਥਾਈਲੈਂਡ) : ਥਾਈ-ਕੰਬੋਡੀਅਨ ਸਰਹੱਦ ’ਤੇ ਲੜਾਈ ਤੀਜੇ ਦਿਨ ਵੀ ਜਾਰੀ ਹੈ ਅਤੇ ਸ਼ਨਿਚਰਵਾਰ ਨੂੰ ਨਵੇਂ ਟਕਰਾਅ ਦੇ ਬਿੰਦੂ ਉਭਰ ਕੇ ਸਾਹਮਣੇ ਆਏ ਹਨ। ਦੋਵੇਂ ਪੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ, ਅਤੇ ਉਹ ਕੂਟਨੀਤਕ ਸਹਾਇਤਾ ਦੀ ਮੰਗ ਕਰ ਰਹੇ ਸਨ ਅਤੇ ਦੂਜੇ ਪੱਖ ਨੂੰ ਲੜਾਈ ਬੰਦ ਕਰਨ ਅਤੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਸਨ।
ਥਾਈਲੈਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ਨਿਚਰਵਾਰ ਨੂੰ 19 ਰਹੀ, ਜਦੋਂ ਕਿ ਕੰਬੋਡੀਅਨ ਰੱਖਿਆ ਮੰਤਰਾਲੇ ਦੀ ਬੁਲਾਰਾ ਮਾਲੀ ਸੋਚੀਏਟਾ ਨੇ ਦੱਸਿਆ ਕਿ ਲੜਾਈ ਵਿੱਚ ਪੰਜ ਸਿਪਾਹੀ ਅਤੇ ਅੱਠ ਨਾਗਰਿਕ ਮਾਰੇ ਗਏ ਹਨ। ਥਾਈਲੈਂਡ ਦੇ ਸਿਸਾਕੇਤ ਸੂਬੇ ਦੇ ਕੰਥਰਾਲਕ ਜ਼ਿਲ੍ਹੇ ਵਿੱਚ ਹੋਟਲ ਕਰਮਚਾਰੀ ਚਿਏਨੂਵਤ ਥਲਾਲਾਈ ਨੇ ਦੱਸਿਆ ਕਿ ਕਸਬਾ ਖਾਲੀ ਹੋ ਗਿਆ ਸੀ। ਉਨ੍ਹਾਂ ਕਿਹਾ, “ਲਗਪਗ ਹਰ ਕੋਈ ਚਲਾ ਗਿਆ ਹੈ, ਇਹ ਇੱਕ ਉਜਾੜ ਸ਼ਹਿਰ ਹੈ। ਮੇਰਾ ਹੋਟਲ ਅਜੇ ਵੀ ਸਰਹੱਦੀ ਖੇਤਰ ਦੇ ਨੇੜੇ ਦੇ ਕੁਝ ਲੋਕਾਂ ਲਈ ਖੁੱਲ੍ਹਾ ਹੈ ਜਿਨ੍ਹਾਂ ਨੂੰ ਰਹਿਣ ਲਈ ਜਗ੍ਹਾ ਦੀ ਲੋੜ ਹੈ।’’

