ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਅੱਜਕੱਲ੍ਹ ਹਰ ਕੋਈ ਪੰਜਾਬ ਨੂੰ ਜਿੱਤਣ ਦੀ ਤਿਆਰੀ ਕਰ ਰਿਹਾ ਹੈ, ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਬਚਾਉਣ ਦੀ ਤਿਆਰੀ ਕੌਣ ਕਰ ਰਿਹਾ ਹੈ। ਅੱਜ ਕਿਤੇ ਪ੍ਰਧਾਨ ਬਦਲਣ ਦੀਆਂ ਖ਼ਬਰਾਂ ਹਨ ਅਤੇ ਅੰਦਰੂਨੀ ਧੜੇਬੰਦੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਅਤੇ ਰੈਲੀਆਂ ਦਾ ਘੇਰਾ ਵਧ ਰਿਹਾ ਹੈ ਅਤੇ ਕਿਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਸ਼ੁਰੂ ਹੋ ਰਿਹਾ ਹੈ। ਅੱਜ ਰਾਜਨੀਤਿਕ ਸਿਆਸੀ ਮੰਚ ਸਰਗਰਮ ਹਨ, ਪਾਰਟੀਆਂ ਜਾਗ ਰਹੀਆਂ ਹਨ, ਰਣਨੀਤੀਆਂ ਬਣ ਰਹੀਆਂ ਹਨ ਅਤੇ 2027 ਦੀ ਚੋਣ ਦਾ ਸਿਆਸੀ ਕੈਲੰਡਰ ਹੌਲੀ-ਹੌਲੀ ਸਪਸ਼ਟ ਹੋ ਰਿਹਾ ਹੈ ਪਰ ਇਸ ਸਾਰੇ ਸ਼ੋਰ ਵਿੱਚ ਪੰਜਾਬ ਦਾ ਇੱਕ ਸਵਾਲ ਲਗਾਤਾਰ ਚੁੱਪ ਹੈ—ਜਿਹੜਾ ਪੰਜਾਬ ਅਸੀਂ ਅਗਲੀ ਚੋਣ ਤੋਂ ਬਾਅਦ ਆਪਣੀ ਅਗਲੀ ਪੀੜ੍ਹੀ ਨੂੰ ਦੇਣਾ ਹੈ, ਉਸ ਦੀ ਤਸਵੀਰ ਕਿੱਥੇ ਹੈ?
ਅੱਜ ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਕੌਣ ਕਿਸ ਪਾਰਟੀ ਨੂੰ ਕਿਵੇਂ ਘੇਰੇਗਾ, ਕਿਹੜਾ ਚਿਹਰਾ ਕਿਸ ਅਹੁਦੇ ’ਤੇ ਆਵੇਗਾ, ਕਿਹੜਾ ਧੜਾ ਕਿਸ ਦੇ ਨਾਲ ਖੜ੍ਹੇਗਾ ਅਤੇ ਕਿਹੜੀ ਪਾਰਟੀ ਆਪਣਾ ਵੋਟ ਬੈਂਕ ਕਿਵੇਂ ਵਧਾਏਗੀ ਪਰ ਪੰਜਾਬ ਦੀ ਧਰਤੀ ’ਤੇ ਖੜ੍ਹਾ ਆਮ ਮਨੁੱਖ ਇੱਕ ਹੋਰ ਹੀ ਹਿਸਾਬ ਕਰ ਰਿਹਾ ਹੈ। ਉਹ ਆਪਣੇ ਬੱਚੇ ਲਈ ਰੋਜ਼ਗਾਰ ਕਿੱਥੇ ਹੈ ਅਤੇ ਮੇਰੇ ਪਿੰਡ ਦਾ ਭਵਿੱਖ ,ਖੇਤ ਦਾ ਪਾਣੀ ਕਿੰਨੇ ਸਾਲ ਰਹੇਗਾ। ਮੇਰਾ ਪੁੱਤਰ ਵਿਦੇਸ਼ ਕਿਉਂ ਜਾਣਾ ਚਾਹੁੰਦਾ ਹੈ ਮੇਰੀ ਧੀ ਨੂੰ ਇੱਥੇ ਸੁਰੱਖਿਅਤ ਅਤੇ ਸਨਮਾਨਜਨਕ ਭਵਿੱਖ ਕਦੋਂ ਮਿਲੇਗਾ ਅਤੇ ਸਭ ਤੋਂ ਵੱਡਾ ਸਵਾਲ—ਕੀ ਪੰਜਾਬ ਵਿੱਚ ਰਹਿ ਕੇ ਪੰਜਾਬ ਵਿੱਚ ਹੀ ਭਵਿੱਖ ਬਣਾਉਣਾ ਮੁੜ ਸੰਭਵ ਹੋਵੇਗਾ?
ਅੱਜ ਇਹੀ ਉਹ ਥਾਂ ਹੈ ਜਿੱਥੇ ਪੰਜਾਬ ਦੀ ਮੌਜੂਦਾ ਸਿਆਸਤ ਅਤੇ ਪੰਜਾਬ ਦੀ ਅਸਲ ਜ਼ਿੰਦਗੀ ਇੱਕ-ਦੂਜੇ ਤੋਂ ਦੂਰ ਦਿਖਾਈ ਦਿੰਦੀਆਂ ਹਨ। ਇੱਕ ਪਾਸੇ ਪਾਰਟੀਆਂ 2027 ਦੀ ਲੜਾਈ ਲਈ ਆਪਣੇ ਨੂੰ ਤਿਆਰ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਪੰਜਾਬ ਆਪਣੇ ਸਮਾਜਿਕ, ਆਰਥਿਕ ਅਤੇ ਜਨਸੰਖਿਆਤਮਕ ਸੰਕਟਾਂ ਨਾਲ ਹਰ ਰੋਜ਼ ਲੜ ਰਿਹਾ ਹੈ। ਇੱਕ ਪਾਸੇ ਕੁਰਸੀ ਦੀ ਗਣਿਤ ਹੈ, ਦੂਜੇ ਪਾਸੇ ਪਿੰਡਾਂ ਦੀ ਖਾਮੋਸ਼ੀ। ਇੱਕ ਪਾਸੇ ਚੋਣ ਰਣਨੀਤੀ ਹੈ, ਦੂਜੇ ਪਾਸੇ ਨੌਜਵਾਨੀ ਦੀ ਬੇਚੈਨੀ ਹੈ । ਇੱਕ ਪਾਸੇ ਸਿਆਸੀ ਨਾਅਰੇ ਤੇ ਦੂਜੇ ਪਾਸੇ ਉਹ ਪਰਿਵਾਰ ਹਨ ਜਿਨ੍ਹਾਂ ਦੇ ਘਰੋਂ ਹਰ ਸਾਲ ਇੱਕ ਹੋਰ ਬੱਚਾ ਵਿਦੇਸ਼ ਚਲਾ ਜਾਂਦਾ ਹੈ।
ਅੱਜ ਅਜਿਹੇ ਮਾਹੌਲ ਵਿੱਚ ਕਾਂਗਰਸ ਵਿੱਚ ਰਾਜਾ ਵੜਿੰਗ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਣਾ ਸਿਰਫ਼ ਇੱਕ ਸੰਗਠਨਾਤਮਕ ਤਬਦੀਲੀ ਨਹੀਂ ਮੰਨੀ ਜਾ ਸਕਦੀ। ਇਹ ਉਸ ਵੱਡੇ ਸਵਾਲ ਦਾ ਹਿੱਸਾ ਹੈ ਕਿ ਕਾਂਗਰਸ 2027 ਤੋਂ ਪਹਿਲਾਂ ਆਪਣੇ ਅੰਦਰਲੇ ਮਤਭੇਦਾਂ ਅਤੇ ਧੜੇਬੰਦੀ ਤੋਂ ਕਿੰਨੀ ਹੱਦ ਤੱਕ ਉੱਪਰ ਉੱਠ ਸਕਦੀ ਹੈ। ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਵਿੱਚ ਨਵੇਂ ਸੰਗਠਨਾਤਮਕ ਸੰਤੁਲਨ ਦੀ ਭਾਲ ਨੂੰ ਇਸੇ ਪਿਛੋਕੜ ਵਿੱਚ ਦੇਖਿਆ ਜਾ ਰਿਹਾ ਹੈ ਪਰ ਕਾਂਗਰਸ ਸਾਹਮਣੇ ਅਸਲ ਚੁਣੌਤੀ ਸਿਰਫ਼ ਇਹ ਨਹੀਂ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ। ਅਸਲ ਚੁਣੌਤੀ ਇਹ ਹੈ ਕਿ ਅਗਲੀ ਕਾਂਗਰਸ ਪੰਜਾਬ ਨੂੰ ਕੀ ਕਹੇਗੀ?
ਹੁਣ ਜੇ ਜਵਾਬ ਸਿਰਫ਼ ਇਹ ਹੈ ਕਿ ਦੂਜੀ ਪਾਰਟੀ ਨੇ ਕੀ ਗਲਤ ਕੀਤਾ, ਤਾਂ ਇਹ ਪੰਜਾਬ ਦੇ ਨਵੇਂ ਵੋਟਰ ਨੂੰ ਸ਼ਾਇਦ ਕਾਫ਼ੀ ਨਹੀਂ ਲੱਗੇਗਾ। ਨਵੀਂ ਪੀੜ੍ਹੀ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਸਵਾਲਾਂ ਦੇ ਜਵਾਬ ਚਾਹੀਦੇ ਹਨ। ਉਸ ਨੂੰ ਇਹ ਜਾਣਨਾ ਹੈ ਕਿ ਪੰਜਾਬ ਵਿੱਚ ਨਵੇਂ ਉਦਯੋਗ ਕਿਵੇਂ ਆਉਣਗੇ, ਨੌਕਰੀਆਂ ਕਿਵੇਂ ਬਣਨਗੀਆਂ, ਯੂਨੀਵਰਸਿਟੀਆਂ ਵਿੱਚ ਖੋਜ ਕਿਵੇਂ ਵਧੇਗੀ, ਖੇਤੀ ਕਿਵੇਂ ਬਚੇਗੀ ਅਤੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਨਵੀਂ ਆਰਥਿਕਤਾ ਕਿਵੇਂ ਖੜ੍ਹੀ ਹੋਵੇਗੀ। ਕਾਂਗਰਸ ਲਈ ਇਸ ਲਈ ਅਸਲ ਪੁਨਰਗਠਨ ਦਫ਼ਤਰਾਂ ਵਿੱਚ ਨਹੀਂ, ਵਿਚਾਰ ਵਿੱਚ ਕਰਨਾ ਪਵੇਗਾ।
ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਦਾ ਘੇਰਾ ਵਧਾਉਂਦਿਆਂ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਨ ਵੱਲ ਧਿਆਨ ਦਿੱਤਾ ਹੈ। ਪਟਿਆਲਾ ਦੇ ਖਾਲਸਾ ਕਾਲਜ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨਾਂ ਨਾਲ ਗੱਲਬਾਤ ਇਸੇ ਰੁਝਾਨ ਦਾ ਹਿੱਸਾ ਹੈ। ਇਹ ਕੋਸ਼ਿਸ਼ ਇਸ ਲਈ ਵੀ ਮਹੱਤਵਪੂਰਨ ਹੈ ਕਿ ਅਕਾਲੀ ਦਲ ਸਾਹਮਣੇ ਆਪਣੇ ਰਵਾਇਤੀ ਸਿਆਸੀ ਆਧਾਰ ਤੋਂ ਅੱਗੇ ਨਵੀਂ ਪੀੜ੍ਹੀ ਨਾਲ ਸੰਵਾਦ ਦੀ ਚੁਣੌਤੀ ਹੈ। ਪਰ ਨੌਜਵਾਨਾਂ ਨਾਲ ਸੰਵਾਦ ਦੀ ਅਸਲ ਪਰਖ ਮੰਚ ’ਤੇ ਪੁੱਛੇ ਸਵਾਲਾਂ ਨਾਲ ਨਹੀਂ, ਉਨ੍ਹਾਂ ਸਵਾਲਾਂ ਤੋਂ ਬਾਅਦ ਬਣਨ ਵਾਲੀ ਨੀਤੀ ਨਾਲ ਹੋਵੇਗੀ।
ਅੱਜ ਦੀ Gen Z ਸਿਰਫ਼ ਸੁਣਨਾ ਨਹੀਂ ਚਾਹੁੰਦੀ। ਉਹ ਪੁੱਛਣਾ ਚਾਹੁੰਦੀ ਹੈ। ਉਹ ਪੁੱਛਦੀ ਹੈ ਕਿ ਪੰਜਾਬ ਵਿੱਚ ਰਹਿ ਕੇ ਕਰੀਅਰ ਕਿਵੇਂ ਬਣੇਗਾ ਅਤੇ ਇੱਥੇ ਸਟਾਰਟਅੱਪ ਲਈ ਮੌਕੇ ਕਿੱਥੇ ਹਨ? ਉਦਯੋਗ ਵਿੱਚ ਨਵੀਂ ਭਰਤੀ ਕਿੱਥੋਂ ਹੋਵੇਗੀ। ਸਿੱਖਿਆ ਪੂਰੀ ਕਰਨ ਤੋਂ ਬਾਅਦ ਪੰਜਾਬ ਵਿੱਚ ਰਹਿਣ ਦਾ ਆਰਥਿਕ ਕਾਰਨ ਕੀ ਹੈ ਜੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਨੌਜਵਾਨ ਨੂੰ ਪੰਜਾਬ ਨਾਲ ਜੋੜਨ ਵਾਲੀ ਸਿਆਸਤ ਸਿਰਫ਼ ਭਾਵਨਾਤਮਕ ਨਾਅਰੇ ਨਾਲ ਨਹੀਂ ਬਣ ਸਕਦੀ। ਉਸ ਨੂੰ ਮੌਕਾ ਦੇਣਾ ਪਵੇਗਾ, ਭਰੋਸਾ ਦੇਣਾ ਪਵੇਗਾ ਅਤੇ ਸਭ ਤੋਂ ਵੱਧ—ਇਹ ਵਿਸ਼ਵਾਸ ਦੇਣਾ ਪਵੇਗਾ ਕਿ ਪੰਜਾਬ ਉਸ ਦਾ ਭਵਿੱਖ ਵੀ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਲਈ ਸਵਾਲ ਹੋਰ ਸਿੱਧਾ ਹੈ। ਉਹ ਪੰਜਾਬ ਵਿੱਚ ਸੱਤਾ ਵਿੱਚ ਹੈ ਅਤੇ 2027 ਵਿੱਚ ਉਸ ਨੂੰ ਆਪਣੇ ਕਾਰਜਕਾਲ ਦਾ ਹਿਸਾਬ ਦੇਣਾ ਪਵੇਗਾ। ਅੱਜ ਲੋਕ ਪੁੱਛਣਗੇ ਕਿ ਪਿਛਲੇ ਪੰਜ ਸਾਲਾਂ ਵਿੱਚ ਕੀ ਬਦਲਿਆ। ਕਿਹੜੀਆਂ ਨੀਤੀਆਂ ਨੇ ਨੌਜਵਾਨਾਂ ਨੂੰ ਮੌਕੇ ਦਿੱਤੇ? ਸਿੱਖਿਆ ਅਤੇ ਸਿਹਤ ਵਿੱਚ ਕੀ ਸੁਧਾਰ ਆਇਆ? ਉਦਯੋਗ ਅਤੇ ਨਿਵੇਸ਼ ਦਾ ਕੀ ਹਾਲ ਹੈ ਤੇ ਨਸ਼ਿਆਂ ਵਿਰੁੱਧ ਲੜਾਈ ਕਿੰਨੀ ਪ੍ਰਭਾਵਸ਼ਾਲੀ ਰਹੀ। ਖੇਤੀ ਅਤੇ ਪਾਣੀ ਦੇ ਸੰਕਟ ਲਈ ਲੰਬੇ ਸਮੇਂ ਦੀ ਕੀ ਯੋਜਨਾ ਬਣੀ ਅਤੇ ਪੰਜਾਬ ਦੀ ਵਿੱਤੀ ਸਥਿਤੀ ਨੂੰ ਟਿਕਾਊ ਬਣਾਉਣ ਲਈ ਕੀ ਰਾਹ ਤਿਆਰ ਕੀਤਾ ਗਿਆ। ਸੱਤਾਧਾਰੀ ਪਾਰਟੀ ਲਈ 2027 ਦਾ ਸਭ ਤੋਂ ਵੱਡਾ ਸਿਆਸੀ ਦਸਤਾਵੇਜ਼ ਉਸ ਦਾ ਆਪਣਾ ਰਿਕਾਰਡ ਹੋਵੇਗਾ।
ਅੱਜ ਭਾਜਪਾ ਲਈ ਵੀ ਪੰਜਾਬ ਇੱਕ ਵੱਖਰੀ ਸਿਆਸੀ ਧਰਤੀ ਹੈ। ਸੰਗਠਨ ਦਾ ਵਿਸਥਾਰ ਇੱਕ ਪੱਖ ਹੈ, ਪਰ ਪੰਜਾਬ ਦੇ ਸਮਾਜਿਕ ਅਤੇ ਸੱਭਿਆਚਾਰਕ ਮਨੋਵਿਗਿਆਨ ਨਾਲ ਡੂੰਘਾ ਸੰਵਾਦ ਦੂਜਾ ਪੱਖ। ਪੰਜਾਬ ਵਿੱਚ ਕਿਸਾਨੀ, ਪਾਣੀ, ਉਦਯੋਗ, ਸੰਘੀ ਢਾਂਚਾ, ਸਰਹੱਦੀ ਸਥਿਤੀ, ਪੰਜਾਬੀ ਭਾਸ਼ਾ ਅਤੇ ਸਿੱਖ ਪਹਿਚਾਣ ਵਰਗੇ ਮੁੱਦੇ ਸਿਰਫ਼ ਚੋਣੀ ਸ਼ਬਦ ਨਹੀਂ ਹਨ। ਇਹ ਇੱਥੋਂ ਦੇ ਸਮਾਜਿਕ ਤਾਣੇ-ਬਾਣੇ ਨਾਲ ਜੁੜੇ ਹੋਏ ਹਨ। ਇਸ ਲਈ ਪੰਜਾਬ ਵਿੱਚ ਆਪਣੀ ਰਾਜਨੀਤਿਕ ਜਗ੍ਹਾ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਪੰਜਾਬ ਦੀ ਆਪਣੀ ਆਵਾਜ਼ ਨਾਲ ਸੰਵਾਦ ਕਰਨਾ ਪਵੇਗਾ ਪਰ ਇਹ ਸਾਰੀਆਂ ਸਿਆਸੀ ਚਾਲਾਂ ਉਸ ਵੇਲੇ ਬੇਮਾਇਨਾ ਹੋ ਜਾਣਗੀਆਂ ਜੇ ਪੰਜਾਬ ਦੇ ਅਸਲ ਸੰਕਟਾਂ ਨੂੰ ਚੋਣੀ ਰਣਨੀਤੀ ਤੋਂ ਬਾਹਰ ਨਾ ਕੱਢਿਆ ਗਿਆ। ਪੰਜਾਬ ਦੇ ਪਿੰਡਾਂ ਵਿੱਚ ਬਦਲਦੀ ਆਬਾਦੀ, ਨੌਜਵਾਨਾਂ ਦਾ ਵਿਦੇਸ਼ ਜਾਣਾ, ਖੇਤੀ ਦੀ ਵਧਦੀ ਲਾਗਤ, ਪਾਣੀ ਦਾ ਡਿੱਗਦਾ ਪੱਧਰ, ਉਦਯੋਗ ਦੀਆਂ ਚੁਣੌਤੀਆਂ, ਨਸ਼ਿਆਂ ਦਾ ਸਮਾਜਿਕ ਪ੍ਰਭਾਵ ਅਤੇ ਰਾਜ ਦੀ ਵਿੱਤੀ ਸਥਿਤੀ—ਇਹ ਸਾਰੇ ਮੁੱਦੇ ਪੰਜ ਸਾਲ ਦੀ ਸਰਕਾਰ ਨਾਲੋਂ ਕਿਤੇ ਵੱਡੇ ਹਨ। ਇਹ ਪੰਜਾਬ ਦੇ ਅਗਲੇ ਦਹਾਕੇ ਦਾ ਸਵਾਲ ਹਨ।
ਇਸ ਲਈ ਹੁਣ 2027 ਤੋਂ ਪਹਿਲਾਂ ਪੰਜਾਬ ਨੂੰ ਇੱਕ ਨਵੇਂ ਸਿਆਸੀ ਸਮਝੌਤੇ ਦੀ ਲੋੜ ਹੈ—ਪਾਰਟੀਆਂ ਵਿਚਕਾਰ ਨਹੀਂ, ਸਿਆਸਤ ਅਤੇ ਪੰਜਾਬ ਦੇ ਲੋਕਾਂ ਵਿਚਕਾਰ। ਇਹ ਸਮਝੌਤਾ ਇਹ ਹੋਵੇ ਕਿ ਹਰ ਪਾਰਟੀ ਸਿਰਫ਼ ਇਹ ਨਾ ਦੱਸੇ ਕਿ ਉਹ ਕਿਸ ਦੇ ਵਿਰੁੱਧ ਹੈ। ਉਹ ਇਹ ਵੀ ਦੱਸੇ ਕਿ ਪੰਜਾਬ ਲਈ ਉਸ ਕੋਲ ਕੀ ਹੈ। ਹੁਣ ਹਰ ਪਾਰਟੀ ਤੋਂ ਪੁੱਛਿਆ ਜਾਵੇ ਕਿ ਅਗਲੇ ਦਸ ਸਾਲਾਂ ਵਿੱਚ ਕਿੰਨੇ ਨਵੇਂ ਰੋਜ਼ਗਾਰ ਪੈਦਾ ਹੋਣਗੇ, ਪੰਜਾਬ ਦੇ ਪਾਣੀ ਲਈ ਕੀ ਕੀਤਾ ਜਾਵੇਗਾ, ਖੇਤੀ ਨੂੰ ਕਿਵੇਂ ਬਚਾਇਆ ਜਾਵੇਗਾ, ਉਦਯੋਗ ਨੂੰ ਕਿਵੇਂ ਵਧਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿਣ ਲਈ ਕਿਹੜਾ ਭਵਿੱਖ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਨਹੀਂ ਕਿ ਇੱਥੇ ਰਾਜਨੀਤੀ ਬਹੁਤ ਜ਼ਿਆਦਾ ਹੈ। ਤ੍ਰਾਸਦੀ ਇਹ ਹੋ ਸਕਦੀ ਹੈ ਕਿ ਰਾਜਨੀਤੀ ਬਹੁਤ ਹੈ, ਪਰ ਪੰਜਾਬ ਲਈ ਲੰਬੀ ਸੋਚ ਘੱਟ ਹੈ।
ਅੱਜ ਰੈਲੀਆਂ ਹੋਣੀਆਂ ਚਾਹੀਦੀਆਂ ਹਨ। ਸੰਵਾਦ , ਵਿਰੋਧ ਤੇ ਸਰਕਾਰ ਦੀ ਆਲੋਚਨਾ ਵੀ ਹੋਣੀ ਚਾਹੀਦੀ ਹੈ। ਇਹ ਲੋਕਤੰਤਰ ਦਾ ਹਿੱਸਾ ਹੈ ਪਰ ਇਸ ਸਭ ਦੇ ਵਿਚਕਾਰ ਪੰਜਾਬ ਦੀ ਆਵਾਜ਼ ਦੱਬਣੀ ਨਹੀਂ ਚਾਹੀਦੀ। ਕਿਉਂਕਿ ਜਿਹੜਾ ਨੌਜਵਾਨ ਅੱਜ ਪੰਜਾਬ ਛੱਡ ਕੇ ਜਾ ਰਿਹਾ ਹੈ, ਉਹ ਕਿਸੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਨਹੀਂ ਦੇਖ ਰਿਹਾ। ਉਹ ਆਪਣਾ ਭਵਿੱਖ ਦੇਖ ਰਿਹਾ ਹੈ। ਜਿਹੜਾ ਕਿਸਾਨ ਅੱਜ ਆਪਣੇ ਖੇਤ ਵਿੱਚ ਪਾਣੀ ਦੀ ਚਿੰਤਾ ਕਰ ਰਿਹਾ ਹੈ, ਉਹ ਕਿਸੇ ਪ੍ਰਧਾਨ ਦੀ ਕੁਰਸੀ ਨਹੀਂ ਦੇਖ ਰਿਹਾ। ਉਹ ਆਪਣੀ ਧਰਤੀ ਦਾ ਭਵਿੱਖ ਦੇਖ ਰਿਹਾ ਹੈ। ਜਿਹੜਾ ਪਰਿਵਾਰ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲੈ ਰਿਹਾ ਹੈ, ਉਹ ਚੋਣੀ ਨਾਅਰਾ ਨਹੀਂ ਸੁਣ ਰਿਹਾ। ਉਹ ਮੌਕੇ ਦੀ ਭਾਲ ਕਰ ਰਿਹਾ ਹੈ।
ਇਸ ਲਈ 2027 ਦੀ ਸਿਆਸਤ ਵਿੱਚ ਸਭ ਤੋਂ ਵੱਡੀ ਚੁਣੌਤੀ ਸ਼ਾਇਦ ਕਿਸੇ ਪਾਰਟੀ ਨੂੰ ਹਰਾਉਣਾ ਨਹੀਂ ਹੋਵੇਗੀ। ਵੱਡੀ ਚੁਣੌਤੀ ਇਹ ਹੋਵੇਗੀ ਕਿ ਪੰਜਾਬ ਦੇ ਲੋਕਾਂ ਦਾ ਭਰੋਸਾ ਮੁੜ ਜਿੱਤਿਆ ਕਿਵੇਂ ਜਾਵੇ। ਅੱਜ ਇਹ ਭਰੋਸਾ ਨਾ ਸਿਰਫ਼ ਭਾਸ਼ਣ ਨਾਲ ਆਵੇਗਾ, ਨਾ ਸਿਰਫ਼ ਰੈਲੀ ਨਾਲ ਅਤੇ ਨਾ ਹੀ ਸਿਰਫ਼ ਨਵੇਂ ਚਿਹਰੇ ਨਾਲ। ਇਹ ਭਰੋਸਾ ਉਦੋਂ ਬਣੇਗਾ ਜਦੋਂ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਜਨੀਤੀ ਵਿੱਚ ਆਪਣਾ ਭਵਿੱਖ ਦਿਖਾਈ ਦੇਵੇਗਾ। ਇਸ ਲਈ ਅੱਜ ਪੰਜਾਬ ਦੀ ਸਿਆਸਤ ਨੂੰ ਆਪਣੇ ਆਪ ਤੋਂ ਇੱਕ ਸਿੱਧਾ ਅਤੇ ਔਖਾ ਸਵਾਲ ਪੁੱਛਣ ਦਾ ਸਮਾਂ ਹੈ—ਪਾਰਟੀਆਂ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਤਿਆਰੀ ਕਰ ਰਹੀਆਂ ਹਨ, ਪਰ ਪੰਜਾਬ ਨੂੰ ਉਸ ਸੱਤਾ ਤੋਂ ਕੀ ਮਿਲੇਗਾ ਕਿਉਂਕਿ 2027 ਵਿੱਚ ਪੰਜਾਬ ਸਿਰਫ਼ ਇਹ ਨਹੀਂ ਪੁੱਛੇਗਾ ਕਿ ਕੌਣ ਜਿੱਤਿਆ। ਉਹ ਇਹ ਵੀ ਪੁੱਛੇਗਾ ਕਿ ਮੇਰੇ ਪੰਜਾਬ ਨੇ ਕੀ ਜਿੱਤਿਆ ਅਤੇ ਸ਼ਾਇਦ ਇਹੀ ਉਹ ਸਵਾਲ ਹੈ ਜਿਸ ਦਾ ਜਵਾਬ ਅੱਜ ਦੀ ਪੂਰੀ ਪੰਜਾਬੀ ਸਿਆਸਤ ਨੂੰ ਦੇਣਾ ਬਾਕੀ ਹੈ।

