ਨਵੀਂ ਦਿੱਲੀ/ਦੁਬੲੀ : ਹਰਮੁਜ਼ ਜਲ ਮਾਰਗ ਨੇੜੇ ਦੋ ਕਮਰਸ਼ੀਅਲ ਬੇੜਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਜਿਨ੍ਹਾਂ ’ਤੇ 22 ਭਾਰਤੀ ਮਲਾਹ ਸਵਾਰ ਸਨ। ਡਰੋਨ ਹਮਲਿਆਂ ਮਗਰੋਂ ਦੋ ਭਾਰਤੀ ਮਲਾਹ ਲਾਪਤਾ ਹਨ। ਭਾਰਤ ਨੇ ਹਮਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਧਰ, ਯਮਨ ਦੀ ਰਾਜਧਾਨੀ ਸਨਾ ਦੇ ਦੋ ਜ਼ਿਲ੍ਹਿਆਂ ’ਚ ਹਵਾਈ ਹਮਲੇ ਕੀਤੇ ਗਏ। ਹੂਤੀ ਬਾਗ਼ੀਆਂ ਨੇ ਦੋਸ਼ ਲਾਇਆ ਹੈ ਕਿ ਸਾਊਦੀ ਅਰਬ ਨੇ ਐਤਵਾਰ ਅੱਧੀ ਰਾਤ ਤੋਂ ਬਾਅਦ ਹਵਾਈ ਹਮਲੇ ਕੀਤੇ ਹਨ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਐਤਵਾਰ ਨੂੰ ਜਹਾਜ਼ ਐੱਮ ਟੀ ਪੈਟਰੋ ਡੌਲਫਿਨ ’ਤੇ ਡਰੋਨ ਰਾਹੀਂ ਹਮਲਾ ਕੀਤਾ ਗਿਆ। ਮੰਤਰਾਲੇ ਨੇ ਕਿਹਾ, ‘‘ਅਸੀਂ ਹਰਮੁਜ਼ ਜਲ ਮਾਰਗ ’ਚ 11 ਅਕਤੂਬਰ ਨੂੰ ਦੋ ਕਮਰਸ਼ੀਅਲ ਬੇੜਿਆਂ ’ਤੇ ਹੋਏ ਹਮਲਿਆਂ ਦੀ ਨਿਖੇਧੀ ਕਰਦੇ ਹਾਂ। ਐੱਮ ਟੀ ਪੈਟਰੋ ਡੌਲਫਿਨ ਬੇੜੇ ’ਤੇ ਡਰੋਨ ਹਮਲੇ ਮਗਰੋਂ ਉਸ ’ਤੇ ਸਵਾਰ 11 ਭਾਰਤੀ ਮਲਾਹਾਂ ’ਚੋਂ ਦੋ ਲਾਪਤਾ ਹਨ।’’ ਮੰਤਰਾਲੇ ਨੇ ਦੱਸਿਆ ਕਿ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਟੈਂਕਰ ਐੱਮ ਟੀ ਵਾਲਥੇਰਾ ’ਤੇ ਵੀ ਹਮਲਾ ਹੋਇਆ ਜਿਸ ਨਾਲ ਉਸ ’ਤੇ ਅੱਗ ਲੱਗ ਗਈ ਪਰ ਜਹਾਜ਼ ’ਤੇ ਸਵਾਰ ਸਾਰੇ 11 ਭਾਰਤੀ ਮਲਾਹ ਸੁਰੱਖਿਅਤ ਹਨ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਸਕਟ ’ਚ ਭਾਰਤੀ ਸਫ਼ਾਰਤਖਾਨਾ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਓਮਾਨੀ ਅਧਿਕਾਰੀਆਂ ਤੇ ਜਹਾਜ਼ ਪ੍ਰਬੰਧਨ ਕੰਪਨੀਆਂ ਨਾਲ ਤਾਲਮੇਲ ਬਣਾ ਕੇ ਲਾਪਤਾ ਭਾਰਤੀਆਂ ਨੂੰ ਲੱਭਣ ਦੇ ਯਤਨ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਭਾਰਤੀ ਮਲਾਹਾਂ ਦੀ ਸੁਰੱਖਿਆ ਸਰਕਾਰ ਦੀ ਤਰਜੀਹ ਹੈ ਅਤੇ ਖ਼ਿੱਤੇ ’ਚ ਵਪਾਰਕ ਬੇੜਿਆਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਨਾਲ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਵਪਾਰਕ ਜਹਾਜ਼ਾਂ, ਮਲਾਹਾਂ ਅਤੇ ਬੁਨਿਆਦੀ ਢਾਂਚੇ ’ਤੇ ਹਮਲੇ ਤੁਰੰਤ ਬੰਦ ਕਰਨ ਦੀ ਅਪੀਲ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਕਾਨੂੰਨ ਮੁਤਾਬਕ ਜਲ ਮਾਰਗਾਂ ’ਚ ਸੁਰੱਖਿਅਤ ਵਪਾਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

