ਪੰਜਾਬ ਵਿੱਚ 22 ਅਕਤੂਬਰ ਤਕ ਮੀਂਹ ਦੀ ਸੰਭਾਵਨਾ ਨਹੀਂ; ਮੌਸਮ ਸਾਫ ਰਹੇਗਾ

ਪੰਜਾਬ ਵਿੱਚ 22 ਅਕਤੂਬਰ ਤਕ ਮੀਂਹ ਦੀ ਸੰਭਾਵਨਾ ਨਹੀਂ; ਮੌਸਮ ਸਾਫ ਰਹੇਗਾ

ਚੰਡੀਗੜ੍ਹ : ਪੰਜਾਬ ਵਿੱਚ ਪੱਛਮੀ ਗੜਬੜੀ ਦਾ ਅਸਰ ਹੁਣ ਖ਼ਤਮ ਹੋ ਗਿਆ ਹੈ। ਇਸ ਕਾਰਨ ਅੱਜ ਅਤੇ ਪੂਰੇ ਹਫ਼ਤੇ ਦੌਰਾਨ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਦਿਨ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋ ਸਕਦਾ ਹੈ ਪਰ ਇਹ ਆਮ ਦੇ ਨੇੜੇ ਹੀ ਰਹੇਗਾ। ਦੂਜੇ ਪਾਸੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਸਵੇਰ ਦੇ ਪੌਣੇ ਗਿਆਰਾਂ ਵਜੇ ਚੰਡੀਗੜ੍ਹ ਦਾ ਤਾਪਮਾਨ 27 ਡਿਗਰੀ ਸੈਲਸੀਅਸ ਸੀ।

ਪਹਾੜਾਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਪਾਉਣਗੀਆਂ ਅਸਰ

ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ’ਤੇ ਵੀ ਪਵੇਗਾ। ਪਹਾੜਾਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਸੂਬੇ ਦੇ ਤਾਪਮਾਨ ਵਿੱਚ ਤਬਦੀਲੀ ਆ ਸਕਦੀ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਅਗਲੇ ਹਫ਼ਤੇ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

ਸਵੇਰੇ ਤੇ ਰਾਤ ਨੂੰ ਮਹਿਸੂਸ ਹੋਵੇਗੀ ਠੰਢ

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 17 ਤੋਂ 22 ਅਕਤੂਬਰ ਤੱਕ ਪੰਜਾਬ ਵਿੱਚ ਮੀਂਹ ਪੈਣ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਦਿਨ ਵੇਲੇ ਹਲਕੀ ਗਰਮੀ ਬਣੀ ਰਹਿ ਸਕਦੀ ਹੈ, ਜਦੋਂ ਕਿ ਸਵੇਰ ਅਤੇ ਰਾਤ ਸਮੇਂ ਠੰਢ ਦਾ ਅਹਿਸਾਸ ਵਧਣ ਲੱਗੇਗਾ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਦਿਨ ਵੇਲੇ ਹਲਕੀ ਗਰਮੀ ਅਤੇ ਸਵੇਰੇ ਤੇ ਰਾਤ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Share: