ਚੰਡੀਗੜ੍ਹ : ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਮਗਰੋਂ ਅੰਤਿਮ ਵੋਟਰ ਸੂਚੀ ਐਲਾਨ ਦਿੱਤੀ ਹੈ। 25 ਜੂਨ 2026 ਨੂੰ ਸ਼ੁਰੂ ਹੋਈ ਇਹ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਵਿੱਚ ਕੁੱਲ 2,01,00,727 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾਵਾਂ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਸੁਧਾਈ ਤੋਂ ਪਹਿਲਾਂ ਪੰਜਾਬ ਵਿੱਚ ਕੁੱਲ 2,14,61,043 ਵੋਟਰ ਸਨ। ਅਗਸਤ ਮਹੀਨੇ ਵਿੱਚ 20,66,608 ਤੋਂ ਵੱਧ ਵੋਟਾਂ ਕੱਟਣ ਮਗਰੋਂ ਇਹ ਗਿਣਤੀ 1,93,94,435 ਰਹਿ ਗਈ ਸੀ। ਹੁਣ ਇਸ ਅੰਤਿਮ ਸੂਚੀ ਵਿੱਚ 7,97,263 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ, ਜਿਸ ਕਰ ਕੇ ਕੁੱਲ ਗਿਣਤੀ ਮੁੜ 2,01,00,727 ਕਰੋੜ ਹੋ ਗਈ ਹੈ। ਇਸ ਤਹਿਤ ਸਭ ਤੋਂ ਵੱਧ 96,971 ਵੋਟਰ ਅੰਮ੍ਰਿਤਸਰ ਵਿੱਚ ਵਧੇ। ਇਸੇ ਤਰ੍ਹਾਂ ਲੁਧਿਆਣਾ ਵਿੱਚ 76,159, ਜਲੰਧਰ ਵਿੱਚ 60,501, ਪਟਿਆਲਾ ਵਿੱਚ 53,470 ਅਤੇ ਗੁਰਦਾਸਪੁਰ ਵਿੱਚ 51,537 ਨਵੇਂ ਵੋਟਰ ਸ਼ਾਮਲ ਹੋਏ। ਮੁੱਖ ਚੋਣ ਅਫਸਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ 6.3 ਫ਼ੀਸਦੀ ਕਮੀ ਆਈ ਹੈ, ਜਿਸ ਦਾ ਮੁੱਖ ਕਾਰਨ ਵੋਟਰਾਂ ਦੀ ਮੌਤ, ਪਰਵਾਸ, ਡਬਲ ਵੋਟ ਜਾਂ ਉਨ੍ਹਾਂ ਦਾ ਗ਼ੈਰ-ਹਾਜ਼ਰ ਹੋਣਾ ਹੈ। ਵੇਰਵਿਆਂ ਅਨੁਸਾਰ ਜਦੋਂ ਪੰਜਾਬ ’ਚ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ 12.80 ਲੱਖ ਵੋਟਰ ਅਨਮੈਪਡ ਸਨ ਜੋ 2003 ਦੀਆਂ ਵੋਟਰ ਸੂਚੀਆਂ ਨਾਲ ਮੇਲ ਨਹੀਂ ਖਾਂਦੇ ਸਨ। ਇਸ ਤੋਂ ਇਲਾਵਾ 34 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਉਨ੍ਹਾਂ ਦਾ ਪੱਖ ਸੁਣਨ ਮਗਰੋਂ ਗ਼ਲਤੀਆਂ ਦਰੁਸਤ ਕੀਤੀਆਂ ਗਈਆਂ। ਅੰਤਿਮ ਸੂਚੀਆਂ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਹਨ ਅਤੇ ਸਿਆਸੀ ਪਾਰਟੀਆਂ ਨੂੰ ਵੀ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਜੋ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਹਨ, ਉਹ ਹਾਲੇ ਵੀ ਅਪਲਾਈ ਕਰ ਸਕਦੇ ਹਨ।
Posted inChandigarh
Punjab Voter List: ਪੰਜਾਬ ਵਿੱਚ ਐੱਸ ਆਈ ਆਰ ਮੁਕੰਮਲ

