Punjab Stubble Burning: ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਉੱਤਰੀ ਭਾਰਤ ’ਚੋਂ ਪੰਜਾਬ ਸਭ ਤੋਂ ਅੱਗੇ

Punjab Stubble Burning: ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਉੱਤਰੀ ਭਾਰਤ ’ਚੋਂ ਪੰਜਾਬ ਸਭ ਤੋਂ ਅੱਗੇ

ਚੰਡੀਗਡ਼੍ਹ : ਉੱਤਰੀ ਭਾਰਤ ’ਚੋਂ ਮੁੱਢਲੇ ਪੜਾਅ ’ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਪੰਜਾਬ ਪਹਿਲੇ ਨੰਬਰ ’ਤੇ ਹੈ। ਪੰਜਾਬ ’ਚ ਝੋਨੇ ਦੀ ਫ਼ਸਲ ਦੀ ਵਾਢੀ ਹੁਣ ਸਿਖ਼ਰ ’ਤੇ ਹੈ। ਹੁਣ ਤੱਕ ਉੱਤਰੀ ਭਾਰਤ ਦੇ ਪੰਜ ਸੂਬਿਆਂ ’ਚ ਪਰਾਲੀ ਸਾੜਨ ਦੇ ਕੁੱਲ 1265 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਪੰਜਾਬ ਦੇ 404 ਕੇਸ ਹਨ।ਪੰਜਾਬ ’ਚ ਪਿਛਲੇ ਸਾਲ ਇਸ ਸਮੇਂ ਤੱਕ ਪਰਾਲੀ ਸਾੜਨ ਦੇ 415 ਮਾਮਲੇ ਰਿਪੋਰਟ ਹੋਏ ਸਨ। ਪਿਛਲੇ ਸਾਲ ਉੱਤਰ ਪ੍ਰਦੇਸ਼ 21 ਅਕਤੂਬਰ ਤੱਕ ਉੱਤਰੀ ਭਾਰਤ ’ਚੋਂ ਸਭ ਤੋਂ ਅੱਗੇ ਸੀ ਜਿੱਥੇ 660 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸਨ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ’ਚ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਜ਼ਮੀਨੀ ਹਕੀਕਤ ਦਾ ਪਤਾ ਲਾਇਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚ ਇਸ ਵੇਲੇ ਸਭ ਤੋਂ ਵੱਧ 198 ਮਾਮਲੇ ਅੱਗ ਲਾਉਣ ਦੇ ਰਿਪੋਰਟ ਹੋਏ ਹਨ, ਜਦੋਂ ਕਿ ਦੂਜੇ ਨੰਬਰ ’ਤੇ 117 ਕੇਸਾਂ ਨਾਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ’ਚ 22, ਕਪੂਰਥਲਾ ’ਚ 16, ਫ਼ਿਰੋਜ਼ਪੁਰ ’ਚ 14 ਅਤੇ ਮੁਕਤਸਰ ਜ਼ਿਲ੍ਹੇ ’ਚ ਪੰਜ ਮਾਮਲੇ ਪਰਾਲੀ ਸਾੜਨ ਦੇ ਰਿਪੋਰਟ ਹੋਏ ਹਨ। ਪਿਛਲੇ ਵਰ੍ਹਿਆਂ ਵਿੱਚ ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ’ਚ ਕਾਫ਼ੀ ਕਮੀ ਦੇਖਣ ਨੂੰ ਮਿਲ ਰਹੀ ਹੈ।  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ‘ਆਪ’ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਫ਼ਸਲੀ ਖ਼ਰੀਦ ਸੀਜ਼ਨ ਹੈ। ਪੰਜਾਬ ਸਰਕਾਰ ਚੋਣਾਂ ਕਰ ਕੇ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ’ਚ ਸਖ਼ਤੀ ਵਰਤਣ ਤੋਂ ਗੁਰੇਜ਼ ਕਰ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਸਟੇਜਾਂ ਤੋਂ ਆਖ ਚੁੱਕੇ ਹਨ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ’ਤੇ ਪੁਲੀਸ ਕੇਸ ਦਰਜ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਅਨਾਜ ਭੰਡਾਰ ’ਚ ਯੋਗਦਾਨ ਨੂੰ ਭੁਲਾ ਦਿੱਤਾ ਜਾਂਦਾ ਹੈ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਦੂਸ਼ਣ ਰੋਕਣ ਲਈ ਇਸ ਸਮੇਂ ਤੱਕ 172 ਕੇਸਾਂ ’ਚ ਪੁਲੀਸ ਕੇਸ ਦਰਜ ਕੀਤੇ ਗਏ ਸਨ ਅਤੇ 165 ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਪਾਈ ਗਈ ਸੀ।

ਵੇਰਵਿਆਂ ਅਨੁਸਾਰ ਐਤਕੀਂ ਹੁਣ ਤੱਕ 40 ਪੁਲੀਸ ਕੇਸ ਦਰਜ ਹੋਏ ਹਨ ਅਤੇ 106 ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਪਾਈ ਗਈ ਹੈ। ਅੱਜ ਕਪੂਰਥਲਾ ਸਬ-ਡਿਵੀਜ਼ਨ ’ਚ ਕਿਸਾਨ ਗੁਰਵਿੰਦਰ ਸਿੰਘ ’ਤੇ ਪਰਾਲੀ ਸਾੜਨ ਦਾ ਕੇਸ ਦਰਜ ਕੀਤਾ ਗਿਆ ਹੈ।

ਤਰਨ ਤਾਰਨ ’ਚ ਸਭ ਤੋਂ ਵੱਧ ਪੁਲੀਸ ਕੇਸ ਦਰਜ

ਜ਼ਿਲ੍ਹਾ ਤਰਨ ਤਾਰਨ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਸਭ ਤੋਂ ਵੱਧ 25 ਪੁਲੀਸ ਕੇਸ ਦਰਜ ਹੋਏ ਹਨ ਅਤੇ 75 ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਪਾਈ ਗਈ ਹੈ। ਅੰਮ੍ਰਿਤਸਰ ’ਚ ਕਿਸਾਨਾਂ ’ਤੇ ਪੰਜ ਪੁਲੀਸ ਕੇਸ ਦਰਜ ਹੋਏ ਹਨ ਜਦੋਂ ਕਿ 19 ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਪਾਈ ਗਈ ਹੈ। ਜਲੰਧਰ ਦੇ ਤਿੰਨ, ਗੁਰਦਾਸਪੁਰ ਦੇ ਦੋ ਕਿਸਾਨਾਂ ਅਤੇ ਕਪੂਰਥਲਾ ਦੇ ਇੱਕ ਕਿਸਾਨ ’ਤੇ ਕੇਸ ਦਰਜ ਕੀਤਾ ਗਿਆ ਹੈ। ਪਰਾਲੀ ਸਾੜਨ ਤੋਂ ਰੋਕਣ ਲਈ ਤਾਇਨਾਤ ਸਟਾਫ਼ ਨੂੰ 152 ਚਿਤਾਵਨੀ ਪੱਤਰ ਜਾਰੀ ਕੀਤੇ ਗਏ ਹਨ।

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਮਸ਼ੀਨਾਂਂ ਖਰੀਦੀਆਂ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ’ਚ ਕਿਸਾਨਾਂ ਨੇ ਮੌਜੂਦਾ ਸੀਜ਼ਨ ਦੌਰਾਨ 21019 ਫ਼ਸਲੀਂ ਰਹਿੰਦ ਖੂੰਹਦ ਪ੍ਰਬੰਧਨ (ਸੀ ਆਰ ਐੱਮ) ਮਸ਼ੀਨਾਂ ਖਰੀਦੀਆਂ ਹਨ। ਇਸੇ ਕਰ ਕੇ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਰਹੇ ਹਨ। ਪਰਾਲੀ ਪ੍ਰਬੰਧਨ ਮਸ਼ੀਨਾਂ ਲਈ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ 50 ਫ਼ੀਸਦ, ਸੀ ਐੱਚ ਸੀ, ਐੱਫ ਪੀ ਓ ਅਤੇ ਪੰਚਾਇਤਾਂ ਨੂੰ ਮਸ਼ੀਨਾਂਂ ’ਤੇ 80 ਫ਼ੀਸਦ ਤੱਕ ਸਬਸਿਡੀ ਦਿੱਤੀ ਗਈ ਹੈ। ਸੁਪਰ ਸੀਡਰ ਵੀ ਕਿਸਾਨਾਂ ਦੀ ਪਸੰਦ ਬਣ ਰਹੇ ਹਨ, ਜਿਸ ਦੇ 14,274 ਯੂਨਿਟ ਖਰੀਦੇ ਗਏ। ਸੁਪਰ ਸੀਡਰ ਤੋਂ ਬਾਅਦ, ਮਲਚਰ 1721 ਯੂਨਿਟ ਅਤੇ ਹਾਈਡਰੌਲਿਕ ਰਿਵਰਸੀਬਲ ਐੱਮਬੀ ਪਲੌਅ 1346 ਮਸ਼ੀਨਾਂਂ ਨਾਲ ਦੂਜੇ ਅਤੇ ਤੀਜੇ ਸਭ ਤੋਂ ਵੱਧ ਪ੍ਰਸਿੱਧ ਬਦਲ ਰਹੇ। ਜ਼ੀਰੋ ਟਿਲ ਡਰਿੱਲ ਅਤੇ ਬੇਲਿੰਗ ਮਸ਼ੀਨ ਨੇ ਕ੍ਰਮਵਾਰ 1123 ਅਤੇ 927 ਯੂਨਿਟ ਨਾਲ ਸਿਖਰਲੀਆਂ ਪੰਜ ਮਸ਼ੀਨਾਂਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ।

Share: