ਧਰਮਕੋਟ : ਪੰਜਾਬ ਸਾਂਝੀਵਾਲਤਾ ਦਲ ਵੱਲੋਂ ਕੁੱਝ ਦਿਨ ਪਹਿਲਾਂ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਕੁਲਵਿੰਦਰ ਸਿੰਘ ਮਾਨ ਵਿਰੁੱਧ ਕੋਟ ਈਸੇ ਖਾਂ ਪੁਲੀਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਸ ਉਪਰ ਆਪ ਆਗੂ ਬਿਕਰਮ ਸ਼ਰਮਾ ਉਰਫ਼ ਬਿੱਲਾ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਦਾ ਦੋਸ਼ ਹੈ।
ਪੁਲੀਸ ਨੇ ਪਾਰਟੀ ਦੇ ਇੱਕ ਆਗੂ ਮਹਿੰਦਰਪਾਲ ਸਿੰਘ ਲੂੰਬਾ ਨੂੰ ਕੇਸ ਵਿੱਚ ਹਮਲੇ ਦੇ ਸਾਜਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਦੀ ਸ਼ਾਮ ਨੂੰ ਦੋਹਾਂ ਆਗੂਆਂ ਵਿਚਾਲੇ ਕੋਟ ਈਸੇ ਦੇ ਮੁੱਖ ਚੌਕ ਪਾਸ ਬਹਿਸਬਾਜ਼ੀ ਤੋਂ ਬਾਅਦ ਝੜਪ ਹੋ ਗਈ ਸੀ। ਸੋਸ਼ਲ ਮੀਡੀਆ ਉਪਰ ਕੁਲਵਿੰਦਰ ਮਾਨ ਵਲੋਂ ਬਿਕਰਮ ਬਿੱਲਾ ਦੀ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ।
ਪੁਲੀਸ ਨੂੰ ਲਿਖਾਏ ਬਿਆਨਾਂ ਵਿਚ ਆਪ ਆਗੂ ਨੇ ਦੋਸ਼ ਲਗਾਏ ਹਨ ਕਿ ਮੰਗਲਵਾਰ ਦੇਰ ਸ਼ਾਮ ਜਦੋਂ ਉਹ ਆਪਣੇ ਬੱਚੇ ਨਾਲ ਕਿਤਾਬਾਂ ਵਾਲੀ ਦੁਕਾਨ ਤੋਂ ਬੱਚੇ ਦੇ ਸਕੂਲ ਦਾ ਸਾਮਾਨ ਖਰੀਦ ਰਿਹਾ ਸੀ ਤਾਂ ਕੁਲਵਿੰਦਰ ਮਾਨ ਨੇ ਉੱਥੇ ਉਸ ਉਪਰ ਹਮਲਾ ਕਰ ਦਿੱਤਾ ਇਸ ਹਮਲੇ ਵਿਚ ਉਸਦੇ ਨੱਕ ਦੀ ਹੱਡੀ ਅਤੇ ਇੱਕ ਦੰਦ ਟੁੱਟ ਗਿਆ। ਜ਼ਖ਼ਮੀ ਹਾਲਤ ਵਿੱਚ ਉਸਦੇ ਦੋਸਤਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਸੀ।
ਉਸਨੇ ਆਪਣੇ ਦੋਸ਼ਾਂ ਵਿੱਚ ਦੱਸਿਆ ਕਿ ਕੁਲਵਿੰਦਰ ਮਾਨ ਨੇ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਉਸਦੇ ਪਰਿਵਾਰ ਦੀਆਂ ਝੂਠੀਆਂ ਵੀਡੀਉ ਵਾਇਰਲ ਕੀਤੀਆਂ ਸਨ। ਜਿਸਦੇ ਚਲਦਿਆਂ ਉਸ ਉਪਰ ਪੁਲੀਸ ਨੇ ਮਾਮਲਾ ਦਰਜ ਕੀਤਾ ਹੋਇਆ ਹੈ। ਪੁਲੀਸ ਨੇ ਬਿਆਨਾਂ ਦੇ ਆਧਾਰ ਉੱਤੇ ਆਪਣੀ ਮੁੱਢਲੀ ਤਫਤੀਸ਼ ਵਿੱਚ ਪੰਜਾਬ ਸਾਂਝੀਵਾਲਤਾ ਦਲ ਦੇ ਸੂਬਾ ਆਗੂ ਮਹਿੰਦਰਪਾਲ ਸਿੰਘ ਲੂੰਬਾ ਨੂੰ ਸਾਜਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਹੈ।
ਇਨ੍ਹਾਂ ਦੋਹਾਂ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇੱਧਰ ਦੂਜੇ ਪਾਸੇ ਕੁਲਵਿੰਦਰ ਮਾਨ ਅਤੇ ਮਹਿੰਦਰਪਾਲ ਸਿੰਘ ਲੂੰਬਾ ਨੇ ਆਪੋਂ ਆਪਣੇ ਫੇਸਬੁੱਕ ਪੇਜਾਂ ਉਪਰ ਪੋਸਟਾਂ ਸਾਂਝੀਆਂ ਕਰਕੇ ਇੱਕ ਮਾਮੂਲੀ ਝਗੜੇ ਨੂੰ ਇਰਾਦਾ ਕਤਲ ਦੇ ਮਾਮਲੇ ਵਿੱਚ ਬਦਲਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਲਕਾ ਵਿਧਾਇਕ ਦੇ ਇਸ਼ਾਰੇ ਉੱਤੇ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮਕੋਟ ਅੰਦਰ ਪੁਲੀਸ ਦੀ ਇਸ ਧੱਕੇਸ਼ਾਹੀ ਨੂੰ ਲੈ ਕੇ ਜਲਦ ਹੀ ਵੱਡਾ ਸਘੰਰਸ਼ ਵਿੱਢਿਆ ਜਾਵੇਗਾ।
