ਪਠਾਨਕੋਟ : ਵਿਜੀਲੈਂਸ ਵਿਭਾਗ ਨੇ ਮਾਰਕੁੱਟ ਦੇ ਇੱਕ ਮਾਮਲੇ ਦੇ ਕੇਸ ਵਿੱਚੋਂ ਨਾਂ ਬਾਹਰ ਕੱਢਣ ਨੂੰ ਲੈ ਕੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਪਠਾਨਕੋਟ ਦੇ ਧਾਰ ਕਲਾਂ ਪੁਲੀਸ ਥਾਣੇ ਦੇ ਐੱਸ ਐਚ ਓ ਗੁਲਸ਼ਨ ਕੁਮਾਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੰਦ ਕਿਸ਼ੋਰ ਵਾਸੀ ਅੰਮ੍ਰਿਤਸਰ ਨੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਮੁੱਖ ਅਧਿਕਾਰੀ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਛੋਟੇ ਭਰਾ ਦਾ ਪਠਾਨਕੋਟ-ਡਲਹੌਜ਼ੀ ਸੜਕ ’ਤੇ ਪਿੰਡ ਢਾਂਗੂ ਸਰਾਂ ਵਿਖੇ ਰੈਸਟੋਰੈਂਟ ’ਚ ਇਕ ਝਗੜੇ ਦੇ ਮਾਮਲੇ ’ਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। ਨੰਦ ਕਿਸ਼ੋਰ ਨੇ ਦੱਸਿਆ ਕਿ ਇਸ ਸਬੰਧੀ ਉਹ 16 ਅਕਤੂਬਰ ਨੂੰ ਥਾਣਾ ਧਾਰ ਕਲਾਂ ਦੇ ਮੁੱਖ ਅਧਿਕਾਰੀ ਗੁਲਸ਼ਨ ਕੁਮਾਰ ਨੂੰ ਮਿਲਣ ਗਿਆ ਅਤੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਬੇਕਸੂਰ ਹੈ ਅਤੇ ਉਸ ਦਾ ਨਾਮ ਗਲਤ ਤਰੀਕੇ ਨਾਲ ਕੇਸ ਵਿੱਚ ਜੋੜਿਆ ਗਿਆ ਹੈ। ਪਰ ਥਾਣਾ ਮੁਖੀ ਉਸ ਦਾ ਨਾਂ ਐੱਫ ਆਈ ਆਰ ਵਿੱਚੋਂ ਬਾਹਰ ਕੱਢਣ ਨੂੰ ਲੈ ਕੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਲੱਗ ਗਿਆ। ਬਾਅਦ ਵਿੱਚ ਇਹ ਸੌਦਾ ਢਾਈ ਲੱਖ ਰੁਪਏ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਅਨੁਸਾਰ ਰਿਸ਼ਵਤ ਦੀ ਪਹਿਲੀ ਕਿਸ਼ਤ ਵੱਜੋਂ 1 ਲੱਖ ਰੁਪਏ ਅੱਜ ਦੇਣੇ ਤੈਅ ਹੋਏ ਸਨ। ਇਸ ਸਬੰਧੀ ਉਸ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।
Posted inPathankot
ਲੱਖ ਰੁਪਏ ਰਿਸ਼ਵਤ ਲੈਂਦਾ ਐੱਸ ਐੱਚ ਓ ਗ੍ਰਿਫ਼ਤਾਰ

