ਚੰਡੀਗਡ਼੍ਹ : ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪ੍ਰਧਾਨਗੀ ਦੇ ਸਾਢੇ ਚਾਰ ਸਾਲ ਵਿਵਾਦਾਂ ਦੇ ‘ਰਾਜਾ’ ਬਣੇ ਰਹੇ। ਉਂਜ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਉਸ ਸਮੇਂ ਪ੍ਰਧਾਨਗੀ ਸੌਂਪੀ ਸੀ ਜਦੋਂ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਗਈ ਸੀ। ਵੜਿੰਗ ਦੀ ਬਤੌਰ ਪ੍ਰਧਾਨ ਸਿਆਸੀ ਪਾਰੀ ਅੱਜ ਖ਼ਤਮ ਹੋ ਗਈ ਹੈ। ਉਹ ਆਪਣੇ ਕਾਰਜਕਾਲ ਦੌਰਾਨ ਮਕਬੂਲ ਤੇ ਸਰਵ ਪ੍ਰਵਾਨਿਤ ਨੇਤਾ ਨਹੀਂ ਬਣ ਸਕੇ। ਹਾਲਾਂਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ 2024 ’ਚ ਕਾਂਗਰਸ ਪਾਰਟੀ ਨੇ ਸੱਤ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਲੜੀਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਇਕੱਲੀ ਬਰਨਾਲਾ ਸੀਟ ਨੂੰ ਛੱਡ ਕੇ ਕਿਸੇ ਵੀ ’ਚ ਕਾਮਯਾਬੀ ਨਹੀਂ ਮਿਲ ਸਕੀ। ਇੱਥੋਂ ਤੱਕ ਕਿ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਜੱਦੀ ਸੀਟ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਏ। ਪੰਚਾਇਤੀ ਸੰਸਥਾਵਾਂ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਅੰਦਰੋਂ ਅੰਦਰੀਂ ਰਾਜਾ ਵੜਿੰਗ ਨਾਲ ਨਾਰਾਜ਼ਗੀ ਵਧਦੀ ਗਈ, ਜਦੋਂ ਹਾਈਕਮਾਂਡ ਨੇ ਵੜਿੰਗ ਨੂੰ ਤਬਦੀਲ ਕਰਨ ਦੀ ਥਾਂ ਪਹਿਲੀ ਜੁਲਾਈ ਨੂੰ ਚਾਰ ਕਮੇਟੀਆਂ ਦਾ ਐਲਾਨ ਕਰ ਦਿੱਤਾ ਤਾਂ ਉਸ ਸਮੇਂ ਹੀ ਵੜਿੰਗ ਦੀ ਪ੍ਰਧਾਨਗੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਰਾਜਾ ਵੜਿੰਗ ਖ਼ਿਲਾਫ਼ ਝੰਡਾ ਚੁੱਕ ਲਿਆ ਅਤੇ ਵੜਿੰਗ ਦੀ ਅਗਵਾਈ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਚਰਨਜੀਤ ਚੰਨੀ ਆਖ਼ਰੀ ਵਾਰ ਜਨਤਕ ਤੌਰ ’ਤੇ 24 ਜੂਨ ਨੂੰ ਵੜਿੰਗ ਨਾਲ ਨਜ਼ਰ ਆਏ ਸਨ। ਉਸ ਮਗਰੋਂ ਦੂਸਰੀ ਵਾਰ ਸਚਿਨ ਪਾਇਲਟ ਦੀ ਪਹਿਲੀ ਫੇਰੀ ਮੌਕੇ ਵੜਿੰਗ ਤੇ ਚੰਨੀ ਇਕੱਠੇ ਦਿਖੇ ਸਨ। ਚੰਨੀ ਧੜੇ ਦੀ ਹਮਾਇਤ ਮਾਝੇ ਦੇ ਆਗੂਆਂ ਨੇ ਡਟ ਕੇ ਕੀਤੀ। ਜਦੋਂ ਧਰਾਤਲ ਤੋਂ ਫੀਡਬੈਕ ਲਈ ਤਾਂ ਵੜਿੰਗ ਦੀ ਛੁੱਟੀ ਕਰਨ ਦਾ ਹਾਈਕਮਾਂਡ ਨੇ ਮਨ ਬਣਾ ਲਿਆ ਸੀ।
ਵੜਿੰਗ ਨੂੰ ਚੰਨੀ ਧੜੇ ਨੇ ਕਮਜ਼ੋਰ ਨੇਤਾ ਦੱਸਿਆ। ਮੌਜੂਦਾ ‘ਆਪ’ ਸਰਕਾਰ ਨਾਲ ਉਨ੍ਹਾਂ ਦੇ ਸੁਖਾਵੇਂ ਸਬੰਧਾਂ ਨੂੰ ਲੈ ਕੇ ਵਿਰੋਧੀ ਉਨ੍ਹਾਂ ’ਤੇ ਸਿਆਸੀ ਹਮਲੇ ਕਰਦੇ ਰਹੇ। ਬਤੌਰ ਟਰਾਂਸਪੋਰਟ ਮੰਤਰੀ ਵੜਿੰਗ ਵੱਲੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਾਏ ਜਾਣ ਦੇ ਮਾਮਲੇ ’ਚ ਘਾਲ਼ਾ-ਮਾਲ਼ਾ ਹੋਣ ਨੂੰ ਲੈ ਕੇ ਵੀ ਉਂਗਲ ਉੱਠੀ। ਵੜਿੰਗ ਦਾ ਮੌਜੂਦਾ ਸਰਕਾਰ ਪ੍ਰਤੀ ਨਰਮ ਗੋਸ਼ਾ ਰਹਿਣ ਕਰ ਕੇ ਉਨ੍ਹਾਂ ’ਤੇ ਵਿਅੰਗ ਵੀ ਹੁੰਦੇ ਰਹੇ।
ਵੜਿੰਗ ਮੌਜੂਦਾ ਸਰਕਾਰ ਖ਼ਿਲਾਫ਼ ਕੋਈ ਲਹਿਰ ਖੜ੍ਹੀ ਕਰਨ ’ਚ ਨਾਕਾਮ ਰਹੇ। ਕੁਝ ਮਹੀਨਿਆਂ ਤੋਂ ਰਾਜਾ ਵੜਿੰਗ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖ਼ੀਆਂ ’ਚ ਰਹੇ। ਤਰਨ ਤਾਰਨ ਜ਼ਿਲ੍ਹੇ ਦੀ ਜ਼ਿਮਨੀ ਚੋਣ ਦੌਰਾਨ ਮਰਹੂਮ ਨੇਤਾ ਬੂਟਾ ਸਿੰਘ ਖ਼ਿਲਾਫ਼ ਜਾਤੀ ਸੂਚਕ ਬਿਆਨਬਾਜ਼ੀ ਕਰਨ ਕਰ ਕੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਿਸ਼ਾਨੇ ’ਤੇ ਆ ਗਏ ਸਨ।
ਬਾਰਾਂ ਪਾਂਜੇ ਸੱਠ ਵਰਗੇ ਹਾਸੋਹੀਣੇ ਬਿਆਨਾਂ ਕਾਰਨ ਵੜਿੰਗ ਦੀ ਜਨਤਕ ਤੌਰ ’ਤੇ ਕਿਰਕਿਰੀ ਹੋਈ। ਰਾਜਾ ਵੜਿੰਗ ’ਤੇ ਪਾਰਟੀ ਅੰਦਰ ਇਲਜ਼ਾਮ ਲੱਗਦੇ ਰਹੇ ਕਿ ਉਨ੍ਹਾਂ ਨੇ ਹਰ ਹਲਕੇ ਤੇ ਜ਼ਿਲ੍ਹੇ ’ਚ ਧੜੇਬੰਦੀ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੌਰਾਨ ਜਥੇਬੰਦਕ ਢਾਂਚੇ ’ਚ ਆਪਣੀ ਟੀਮ ਨੂੰ ਉਭਾਰਿਆ। ਉਹ ਕਿਸੇ ਵੀ ਸੀਨੀਅਰ ਆਗੂ ਨੂੰ ਆਪਣੇ ਨਾਲ ਤੋਰਨ ’ਚ ਸਫ਼ਲ ਨਾ ਹੋ ਸਕੇ।

