Parwinder Jhota Murder: ਪਰਵਿੰਦਰ ਝੋਟਾ ਕਤਲ ਕਾਂਡ ‘ਤੇ ਦਿੱਤੇ ਬਿਆਨ ਲਈ ਬਠਿੰਡਾ ਰੇਂਜ ਦੇ ਡੀ ਆਈ ਜੀ ਨੇ ਮੰਗੀ ਮੁਆਫ਼ੀ

Parwinder Jhota Murder: ਪਰਵਿੰਦਰ ਝੋਟਾ ਕਤਲ ਕਾਂਡ ‘ਤੇ ਦਿੱਤੇ ਬਿਆਨ ਲਈ ਬਠਿੰਡਾ ਰੇਂਜ ਦੇ ਡੀ ਆਈ ਜੀ ਨੇ ਮੰਗੀ ਮੁਆਫ਼ੀ

ਮਾਨਸਾ : ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਨੇ ਮ੍ਰਿਤਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਤੋਂ ਉਸ ਸਮੇਂ ਮਾਫ਼ੀ ਮੰਗੀ ਹੈ, ਜਦੋਂ ਕਮੇਟੀ ਦੇ ਮੈਂਬਰਾਂ ਨੇ ਕਤਲ ਨੂੰ ਪੁਰਾਣੀ ਨਿੱਜੀ ਰੰਜਿਸ਼ ਨਾਲ ਜੋੜਨ ਵਾਲੀ ਉਨ੍ਹਾਂ ਦੀ ਟਿੱਪਣੀ ‘ਤੇ ਇਤਰਾਜ਼ ਜਤਾਇਆ। ਡੀ.ਆਈ.ਜੀ., ਮਾਨਸਾ ਦੇ ਐਸ.ਐਸ.ਪੀ. ਵੈਭਵ ਚੌਧਰੀ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਏ.ਡੀ.ਸੀ. ਪੂਨਮ ਸਿੰਘ ‘ਤੇ ਆਧਾਰਿਤ ਇੱਕ ਉੱਚ-ਪੱਧਰੀ ਟੀਮ ਨੇ ਵੀਰਵਾਰ ਰਾਤ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਹਿਯੋਗ ਮੰਗਿਆ।  ਮੀਟਿੰਗ ਦੌਰਾਨ, ਕਮੇਟੀ ਮੈਂਬਰਾਂ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਗੁਲਾਬ ਸਿੰਘ ਮਾਹਲ ਨੇ ਡੀ.ਆਈ.ਜੀ. ਦੇ ਉਸ ਪਹਿਲੇ ਬਿਆਨ ‘ਤੇ ਸਵਾਲ ਚੁੱਕੇ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਝੋਟਾ ਦਾ ਕਤਲ ਕੈਮਿਸਟ ਅਸ਼ਵਨੀ ਕੁਮਾਰ, ਜਿਸ ‘ਤੇ ਉਸ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਹੈ, ਨਾਲ ਪੁਰਾਣੀ ਨਿੱਜੀ ਦੁਸ਼ਮਣੀ ਨਾਲ ਜੁੜਿਆ ਹੋਇਆ ਸੀ। ਕਮੇਟੀ ਮੈਂਬਰਾਂ ਨੇ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੈਮਿਸਟ ਦੀਆਂ ਕਥਿਤ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ ਵੀ ਡੀ.ਆਈ.ਜੀ. ਨੂੰ ਸਵਾਲ ਕੀਤੇ।

ਡੀ.ਆਈ.ਜੀ. ਹਰਜੀਤ ਸਿੰਘ ਨੇ ਜਨਤਕ ਤੌਰ ‘ਤੇ ਕਿਹਾ, “ਜੇ ਮੇਰੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੇਰਾ ਇਰਾਦਾ ਤੁਹਾਡੇ ਮਨ ਨੂੰ ਦੁਖਾਉਣ ਦਾ ਨਹੀਂ ਸੀ। ਅਸੀਂ ਤੁਹਾਡਾ ਸਮਰਥਨ ਲੈਣ ਲਈ ਆਏ ਹਾਂ। ਅਸੀਂ ਤੁਹਾਡੇ ਨਾਲ ਹਾਂ।”

ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਪੁਰਾਣੀ ਘਟਨਾ ਕਥਿਤ ਨਸ਼ੇ ਦੀ ਵਿਕਰੀ ਨਾਲ ਸਬੰਧਤ ਸੀ, ਅਤੇ ਝੋਟਾ ਤੇ ਅਸ਼ਵਨੀ ਵਿਚਕਾਰ ਕੁਝ ਵੀ ਨਿੱਜੀ ਨਹੀਂ ਸੀ।

ਜ਼ਿਕਰਯੋਗ ਹੈ ਕਿ ਜੁਲਾਈ 2023 ਵਿੱਚ ਝੋਟਾ ਅਤੇ ਉਸ ਦੇ ਸਮਰਥਕਾਂ ਨੇ ਕਥਿਤ ਤੌਰ ‘ਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਦੋਸ਼ਾਂ ਹੇਠ ਅਸ਼ਵਨੀ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਮਾਨਸਾ ਦੇ ਬਾਜ਼ਾਰ ਵਿੱਚ ਘੁਮਾਇਆ ਸੀ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਦੋਵਾਂ ਅਤੇ ਕੁਝ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਝੋਟਾ ਦੀ ਮੰਗਲਵਾਰ ਨੂੰ ਅਸ਼ਵਨੀ ਦੇ ਮੈਡੀਕਲ ਸਟੋਰ ‘ਤੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸਮਰਥਕਾਂ ਨੇ ਬਾਅਦ ਵਿੱਚ ਰੋਸ ਪ੍ਰਦਰਸ਼ਨ ਕੀਤੇ, ਜਦੋਂ ਕਿ ਉਸ ਦੇ ਪਿਤਾ ਨੇ ਇਨਸਾਫ਼ ਮਿਲਣ ਤੱਕ ਮ੍ਰਿਤਕ ਦੇਹ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਪੁਲੀਸ ਨੇ ਇਸ ਕਤਲ ਦੇ ਸਬੰਧ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share: