ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸੋਨ ਤਗ਼ਮਾ ਜੇਤੂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਸਣੇ ਭਾਰਤ ਦੇ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ‘‘ਭਾਰਤ ਕੌਮਾਂਤਰੀ ਖੇਡ ਸਮਾਗਮਾਂ ਲਈ ਭਰੋਸੇਯੋਗ ਅਤੇ ਮਹਿਮਾਨਨਿਵਾਜ਼ ਦੇਸ਼ ਵਜੋਂ ਆਪਣੇ ਆਪ ਨੂੰ ਸਥਾਪਤ ਕਰ ਰਿਹਾ ਹੈ। ਅਸੀਂ 2036 ਦੀਆਂ ਓਲੰਪਿਕ ਖੇਡਾਂ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਾਂ ਅਤੇ ਇਹ ਸਾਡਾ ਸੰਕਲਪ ਹੈ ਕਿ ਅਸੀਂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਾਂਗੇ।’’
ਉਨ੍ਹਾਂ ਕਿਹਾ ਕਿ ਦੇਸ਼ ਨਾ ਸਿਰਫ਼ ਕਾਰਕਰਦਗੀ ਦੇ ਲਿਹਾਜ਼ ਨਾਲ ਮਜ਼ਬੂਤ ਤਾਕਤ ਬਣ ਰਿਹਾ ਹੈ, ਸਗੋਂ ਪ੍ਰਮੁੱਖ ਕੌਮਾਂਤਰੀ ਸਮਾਗਮਾਂ ਲਈ ਭਰੋਸੇਯੋਗ ਮੇਜ਼ਬਾਨ ਵਜੋਂ ਵਿਕਸਤ ਹੋ ਰਿਹਾ ਹੈ। ਮੋਦੀ ਨੇ ਤਗ਼ਮਾ ਜੇਤੂਆਂ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫ਼ੇ ਵਜੋਂ ਦਸਤਖ਼ਤ ਕੀਤੀਆਂ ਜਰਸੀਆਂ ਅਤੇ ਰੀਕਰਵ ਤੀਰਅੰਦਾਜ਼ੀ ਦੀ 17 ਸਾਲਾ ਕੁਮਕੁਮ ਮੋਹੋਦ ਵੱਲੋਂ ਤੀਰ-ਕਮਾਨ ਭੇਟ ਕੀਤਾ ਗਿਆ। ਖਿਡਾਰੀਆਂ ਦੇ ਇਸ ਵਫ਼ਦ ਦੇ ਨਾਲ ਉਨ੍ਹਾਂ ਦੀਆਂ ਸਬੰਧਤ ਖੇਡ ਸੰਸਥਾਵਾਂ ਦੇ ਚੋਟੀ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਜੈ ਸ਼ਾਹ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਆਦਿ ਵੀ ਮੌਜੂਦ ਸਨ। ਤਗ਼ਮਾ ਜੇਤੂਆਂ ਨੂੰ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ, ‘‘ਤੁਸੀਂ 140 ਕਰੋੜ ਭਾਰਤੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਸਭ ਤੋਂ ਵੱਡੀ ਸਫਲਤਾ ਤਿਰੰਗੇ ਨੂੰ ਉੱਚਾ ਲਹਿਰਾਉਣਾ ਹੈ। ਇਸੇ ਕਰ ਕੇ ਤੁਹਾਡੀ ਸਫਲਤਾ ਸਿਰਫ਼ ਤੁਹਾਡੀ ਨਹੀਂ ਹੈ, ਸਗੋਂ ਇਹ ਸਾਡੇ ਕਰੋੜਾਂ ਦੇਸ਼ ਵਾਸੀਆਂ ਦੀ ਹੈ। ਮੈਂ ਪੂਰੇ ਦੇਸ਼ ਵੱਲੋਂ ਤੁਹਾਨੂੰ ਵਧਾਈ ਦਿੰਦਾ ਹਾਂ।’’

