ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਅੱਜ ਨਿਆਂਇਕ ਹਿਰਾਸਤ ਵਿੱਚ ਵਾਧੇ ਵਿਰੁੱਧ ਫ਼ੌਰੀ ਸੁਣਵਾਈ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਦਾਸ ਅਤੇ ਰਾਂਕਾ ਨੇ ਹਾਈ ਕੋਰਟ ਵਿੱਚ ਰਾਤ ਨੂੰ ਸੁਣਵਾਈ ਕਰਨ ਦੀ ਮੰਗ ਕੀਤੀ, ਜੋ ਕਿ ਦਸਹਿਰੇ ਦੀਆਂ ਛੁੱਟੀਆਂ ਕਾਰਨ ਇਸ ਹਫ਼ਤੇ ਬੰਦ ਹੈ। ਮੰਦਰ ਮਾਰਗ ਪੁਲੀਸ ਥਾਣੇ ਵਿੱਚ ਨਵ-ਨਿਯੁਕਤ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਅਦਾਲਤੀ ਰਿਮਾਂਡ ਨੂੰ ਦੋ ਦਿਨ ਹੋਰ ਵਧਾਉਣ ਦਾ ਹੁਕਮ ਦਿੱਤਾ ਹੈ।
ਉਨ੍ਹਾਂ ਨੂੰ 13 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਦ ਉਨ੍ਹਾਂ ਨੇ ਜੰਤਰ ਮੰਤਰ ਵਿੱਚ ਦਾਖ਼ਲ ਹੋਣ ਲਈ ਬੰਦ ਗੇਟ ਟੱਪਿਆ ਸੀ। ਸਰਕਾਰ ਨੇ ਜੰਤਰ ਮੰਤਰ ਨੂੰ ਵਿਰੋਧ ਮੁਜ਼ਾਹਰੇ ਦੇ ਸਥਾਨ ਵਜੋਂ ਡੀਨੋਟੀਫਾਈ ਕਰ ਦਿੱਤਾ ਸੀ। ਉਨ੍ਹਾਂ ਨੂੰ ਉਦੋਂ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਸੀ ਜੇ ਪੀ ਦੇ ਕਾਨੂੰਨੀ ਮਾਮਲਿਆਂ ਦੀ ਮੁਖੀ ਰਤਨਾ ਸਿੰਘ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਅਸੀਂ ਦਿੱਲੀ ਹਾਈ ਕੋਰਟ ਪਹੁੰਚ ਕੀਤੀ ਹੈ ਅਤੇ ਫ਼ੌਰੀ ਤੌਰ ’ਤੇ ਰਾਤ ਦੀ ਸੁਣਵਾਈ ਲਈ ਬੇਨਤੀ ਕੀਤੀ ਹੈ। ਸੌਰਵ ਅਤੇ ਆਸ਼ੂਤੋਸ਼ ਨੂੰ ਇਕ ਮਿੰਟ ਲਈ ਵੀ ਸਲਾਖਾਂ ਪਿੱਛੇ ਨਹੀਂ ਹੋਣਾ ਚਾਹੀਦਾ। ਸਿਆਸੀ ਚਾਲਾਂ ਕਾਰਨ ਉਨ੍ਹਾਂ ਦੀ ਆਜ਼ਾਦੀ ਸੀਮਤ ਨਹੀਂ ਹੋ ਸਕਦੀ। ਇਨਸਾਫ਼ ਜਲਦੀ ਮਿਲਣਾ ਚਾਹੀਦਾ ਹੈ।’’ ਸੀ ਜੇ ਪੀ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਦੋ ਸਹਿ-ਕਨਵੀਨਰਾਂ ਦੀ ਰਿਹਾਈ ਰੋਕਣ ਲਈ ਇਸ ਮਾਮਲੇ ਵਿੱਚ ਜ਼ਮਾਨਤ ਦੀ ਕਾਰਵਾਈ ਵਿੱਚ ਜਾਣਬੁੱਝ ਕੇ ਦੇਰ ਕੀਤੀ ਗਈ ਹੈ।
ਦੀਪਕੇ ਵੱਲੋਂ ਸੀ ਜੇ ਪੀ ਅਤੇ ਫਰਾਂਸ ਦੇ ਮੁਜ਼ਾਹਰਿਆਂ ਦੀ ਤੁਲਨਾ
ਨਵੀਂ ਦਿੱਲੀ/ਕੋਲਕਾਤਾ: ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਵਿਰੁੱਧ ਪਾਰਟੀ ਦੇ ਵਿਰੋਧ ਮੁਜ਼ਾਹਰਿਆਂ ਅਤੇ ਫਰਾਂਸ, ਨੇਪਾਲ ਤੇ ਬੰਗਲਾਦੇਸ਼ ਵਿੱਚ ਫੈਲੀ ਗੜਬੜ ਤੇ ਹਿੰਸਕ ਮੁਜ਼ਾਹਰਿਆਂ ਵਿਚਕਾਰ ਕੀਤੀ ਜਾ ਰਹੀ ਤੁਲਨਾ ਰੱਦ ਕਰ ਦਿੱਤੀ। ਦੀਪਕੇ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਨਫ਼ਰਤ ਨਾਲੋਂ ਸ਼ਾਂਤੀ ਨੂੰ ਚੁਣਿਆ ਅਤੇ ‘ਖ਼ੁਸ਼ੀ ਨਾਲ ਜੇਲ੍ਹ ਗਏ’ ਕਿਉਂਕਿ ਉਹ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਮਾਰਗ ’ਤੇ ਚੱਲ ਰਹੇ ਸਨ। ਗ੍ਰਿਫ਼ਤਾਰੀਆਂ ਉਨ੍ਹਾਂ ਨੂੰ ਡਰਾ ਨਹੀਂ ਸਕਦੀਆਂ ਅਤੇ ਭਰੋਸਾ ਪ੍ਰਗਟਾਇਆ ਕਿ ਦਾਸ ਅਤੇ ਰਾਂਕਾ ਜਲਦੀ ਮੁਸਕਰਾਉਂਦੇ ਹੋਏ ਜੇਲ੍ਹ ’ਚੋਂ ਬਾਹਰ ਆਉਣਗੇ ਅਤੇ ਆਪਣਾ ਸੰਘਰਸ਼ ਸ਼ਾਂਤਮਈ ਢੰਗ ਨਾਲ ਜਾਰੀ ਰੱਖਣਗੇ। ਇਸੇ ਦੌਰਾਨ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਰਾਂਕਾ ਅਤੇ ਸੌਰਵ ਦਾਸ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

