ਜੰਤਰ-ਮੰਤਰ ਵਿੱਚ ਜਬਰੀ ਦਾਖ਼ਲ ਹੋਣ ਦੇ ਦੋਸ਼ ਹੇਠ CJP ਆਗੂ ਹਿਰਾਸਤ ਵਿੱਚ ਲਏ: ਅਧਿਕਾਰੀ

ਜੰਤਰ-ਮੰਤਰ ਵਿੱਚ ਜਬਰੀ ਦਾਖ਼ਲ ਹੋਣ ਦੇ ਦੋਸ਼ ਹੇਠ CJP ਆਗੂ ਹਿਰਾਸਤ ਵਿੱਚ ਲਏ: ਅਧਿਕਾਰੀ

ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਜੰਤਰ-ਮੰਤਰ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਬਿਨਾਂ ਅਧਿਕਾਰ ਦਾਖ਼ਲ ਹੋਣ ਅਤੇ ਬੈਰੀਕੇਡ ਤੋੜਨ ਦੇ ਦੋਸ਼ ਹੇਠ ‘ਕੌਕਰੇਚ ਜਨਤਾ ਪਾਰਟੀ’ (ਸੀ.ਜੇ.ਪੀ.) ਦੇ ਪ੍ਰਮੁੱਖ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। ਬੁੱਧਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਕਾਰਵਾਈ ਕਰਦਿਆਂ ਸੀ.ਜੇ.ਪੀ. ਆਗੂ ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਅਜਿੰਕਿਆ ਸ਼ਿੰਦੇ ਨੂੰ ਸਾਵਧਾਨੀ ਵਜੋਂ Preventive Arrest ਹੇਠ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੇ ਆਗੂ ਮੰਗਲਵਾਰ ਤੜਕੇ ਸੁਰੱਖਿਆ ਘੇਰੇ ਨੂੰ ਤੋੜ ਕੇ ਉਸ ਪ੍ਰਦਰਸ਼ਨ ਸਥਲ ’ਤੇ ਦਾਖ਼ਲ ਹੋ ਗਏ ਸਨ, ਜਿਸ ਨੂੰ ਹਾਲ ਹੀ ਵਿੱਚ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਾਂ ਲਈ ਗ਼ੈਰ-ਅਧਿਕਾਰਤ (De-notified) ਕਰਾਰ ਦੇ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਸੀ। ਇਸ ਸਬੰਧ ਵਿੱਚ ਦਿੱਲੀ ਪੁਲੀਸ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਉਕਤ ਆਗੂਆਂ ਖ਼ਿਲਾਫ਼ ਬਿਨਾਂ ਇਜਾਜ਼ਤ ਦਾਖ਼ਲ ਹੋਣ (Trespassing), ਹੁਕਮਾਂ ਦੀ ਉਲੰਘਣਾ ਕਰਨ, ਸ਼ਾਂਤੀ ਭੰਗ ਕਰਨ ਦੇ ਬਾਂਡ ਦੀ ਉਲੰਘਣਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮੁਦੱਦਮਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੂੰ ਪਿਛਲੇ ਸ਼ਨੀਵਾਰ ਰਾਜਧਾਨੀ ਵਿੱਚ ਹੋਏ ਇੱਕ ਹੋਰ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਸਾਲ ਤੱਕ ਅਮਨ-ਕਾਨੂੰਨ ਬਣਾਈ ਰੱਖਣ ਲਈ ਮੁਚਲਕੇ ’ਤੇ ਰਿਹਾਅ ਕੀਤਾ ਗਿਆ ਸੀ, ਪਰ ਹੁਣ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਸਖ਼ਤ ਰੁਖ਼ ਅਪਣਾਇਆ ਹੈ। ਪੁਲੀਸ ਸੂਤਰਾਂ ਮੁਤਾਬਕ ਇਨ੍ਹਾਂ ਤਿੰਨਾਂ ਨੂੰ ਅੱਜ ਸਪੈਸ਼ਲ ਐਗਜ਼ੀਕਿਊਟਿਵ ਮਜਿਸਟਰੇਟ (SEM) ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਉੱਧਰ, ਕੌਕਰੇਚ ਜਨਤਾ ਪਾਰਟੀ ਨੇ ਪ੍ਰਸ਼ਾਸਨ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਹੈ ਕਿ ਰਾਜਧਾਨੀ ਦੇ ਰਾਜਨੀਤਿਕ ਕੇਂਦਰ ਤੋਂ ਪ੍ਰਦਰਸ਼ਨਾਂ ਨੂੰ ਦੂਰ ਕਰਨ ਨਾਲ ਜਨਤਕ ਅਸੰਤੁਸ਼ਟੀ ਅਤੇ ਲੋਕਾਂ ਦੀ ਆਵਾਜ਼ ਦੀ ਦਿੱਖ ਕਮਜ਼ੋਰ ਹੋਵੇਗੀ। ਪਾਰਟੀ ਦਾ ਮੰਨਣਾ ਹੈ ਕਿ ਪ੍ਰਸ਼ਾਸਨਿਕ ਹੁਕਮਾਂ ਰਾਹੀਂ ਲੋਕਾਂ ਦੇ ਵਿਰੋਧ ਕਰਨ ਦੇ ਜਮਹੂਰੀ ਹੱਕ ਨੂੰ ਦਬਾਇਆ ਨਹੀਂ ਜਾ ਸਕਦਾ, ਜਦਕਿ ਪੁਲੀਸ ਆਪਣੀ ਸਖ਼ਤੀ ਨਾਲ ਸਥਿਤੀ ਨੂੰ ਕਾਬੂ ਹੇਠ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

Share: