ਨੂਰਪੁਰ ਬੇਦੀ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਰੂਪਨਗਰ ਦੇ ਜ਼ਿਲ੍ਹਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਸਾਥੀਆਂ ਨਾਲ ਟਿੱਪਰ ’ਚ ਸਵਾਰ ਹੋ ਕੇ ਪਿੰਡ ਸੈਦਪੁਰ ਅਤੇ ਬੇਈਂਹਾਰਾ ਖੱਡਾਂ ਵਿੱਚ ਛਾਪਾ ਮਾਰਿਆ। ਅੱਧੀ ਰਾਤ 12 ਵਜੇ ਟਿੱਪਰ ਵਿੱਚ ਸਵਾਰ ਹੋ ਕੇ ਆਏ ਚੰਨੀ ਨੇ ਸੁਆਂ ਨਦੀ ਅਤੇ ਸਤਲੁਜ ਦਰਿਆ ਵਿੱਚ ਖਣਨ ਮਾਫੀਆ ਵੱਲੋਂ ਲਗਾਈਆਂ ਦਰਜਨਾਂ ਪੋਕਲੇਨ ਮਸ਼ੀਨਾਂ ਅਤੇ ਟਿੱਪਰ ਜੋ ਮਾਈਨਿੰਗ ਕਰ ਰਹੇ ਸਨ, ਨੂੰ ਚਾਲਕਾਂ ਸਮੇਤ ਫੜ ਕੇ ਇੱਥੇ ਹੋ ਰਹੀ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਹਾਸਲ ਕੀਤੀ। ਸਟੋਨ ਕਰੱਸ਼ਰ ਮਾਲਕ ਨੇ ਟਿੱਪਰ ਚਾਲਕਾਂ ਅਤੇ ਮਸ਼ੀਨ ਅਪਰੇਟਰਾਂ ਨੂੰ ਵਾਕੀਟਾਕੀ ਸੈੱਟ ਦਿੱਤੇ ਹੋਏ ਸਨ ਤਾਂ ਜੋ ਮੌਕੇ ਦੇ ਹਾਲਾਤ ਦੀ ਸੂਚਨਾ ਇੱਕ ਦੂਜੇ ਨੂੰ ਦੇ ਸਕਣ।
ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਬੜੀ ਸੂਝ-ਬੂਝ ਅਤੇ ਪਲਾਨ ਬਣਾ ਕੇ ਖਣਨ ਮਾਫੀਏ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਨਾਜਾਇਜ਼ ਖਣਨ ਕਰਦੇ ਰੰਗੀ ਹੱਥੀਂ ਫੜਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਤੇ ਇੱਕ ਦਰਜਨ ਤੋਂ ਵੱਧ ਕਾਂਗਰਸੀ ਵਰਕਰ ਹਾਜ਼ਰ ਸਨ। ਉਨ੍ਹਾਂ ਵੱਲੋਂ ਕੀਤੀ ਗਈ ਖਣਨ ਮਾਫੀਆ ’ਤੇ ਕਾਰਵਾਈ ਰਾਤ 12 ਵਜੇ ਤੋਂ ਲੈ ਕੇ ਦੋ ਵਜੇ ਤੱਕ ਜਾਰੀ ਰਹੀ। ਉਨ੍ਹਾਂ ਇਹ ਸਾਰੀ ਕਾਰਵਾਈ ਫੇਸਬੁੱਕ ’ਤੇ ਲਾਈਵ ਵੀ ਦਿਖਾਈ। ਸਾਬਕਾ ਮੁੱਖ ਮੰਤਰੀ ਨੇ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਫੋਨ ਕਰਕੇ ਇਨ੍ਹਾਂ ਹਾਲਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਵੱਲੋਂ ਰੂਪਨਗਰ ਦੇ ਐੱਸ ਐੱਸ ਪੀ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਗਿਆ। ਚੰਨੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਖਣਨ ਮਾਫੀਆ ’ਤੇ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਇਸ ਵਿੱਚ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਥਿਤ ਹੱਥ ਹੋਣ ਦੀ ਜਾਣਕਾਰੀ ਮਿਲੀ ਹੈ। ਕਰੋੜਾਂ ਰੁਪਏ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਥਾਂ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜੇਬਾਂ ਵਿੱਚ ਜਾ ਰਹੇ ਹਨ। ਖਣਨ ਮਾਫੀਆ ਖਿਲਾਫ ਉਨ੍ਹਾਂ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।

