‘ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ’: ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ’ਤੇ ਭੜਕੇ ਸਿੱਖ ਅਤੇ ਪੰਜਾਬੀ, ਨਸਲਵਾਦ ਦਾ ਲੱਗਿਆ ਦੋਸ਼

‘ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ’: ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ’ਤੇ ਭੜਕੇ ਸਿੱਖ ਅਤੇ ਪੰਜਾਬੀ, ਨਸਲਵਾਦ ਦਾ ਲੱਗਿਆ ਦੋਸ਼

ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਇੱਕ ਪੋਸਟਰ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੀ ‘ਸੈਲਫ-ਡੀਪੋਰਟੇਸ਼ਨ’ (ਖੁਦ ਦੇਸ਼ ਛੱਡਣ) ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਇਸ ਪੋਸਟਰ ’ਤੇ ਸਿੱਖ ਜਥੇਬੰਦੀਆਂ ਅਤੇ ਪੰਜਾਬੀਆਂ ਨੇ ਨਸਲਵਾਦੀ ਅਤੇ ਭਾਰਤ-ਵਿਰੋਧੀ ਸੁਨੇਹਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਪੋਸਟਰ ਟਰੰਪ ਸਰਕਾਰ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਚਲਾਈ ਜਾ ਰਹੀ ਸਖ਼ਤ ਮੁਹਿੰਮ ਦੌਰਾਨ ਜਾਰੀ ਕੀਤਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਇਸ ਪੋਸਟਰ ਵਿੱਚ ‘ਟਰਾਂਸਫਾਰਮਰਜ਼’ ਫਿਲਮ ਦੀ ਤਰਜ਼ ’ਤੇ ਇੱਕ ਚਿਤਾਵਨੀ ਲਿਖੀ ਗਈ ਹੈ – “ਸੈਲਫ-ਡੀਪੋਰਟ ਜਾਂ ਨਤੀਜੇ ਭੁਗਤੋ’ (Self-deport or find out)। ਇਸ ਦੇ ਨਾਲ ਹੀ ਪੋਸਟਰ ਵਿੱਚ ਖਾਸ ਤੌਰ ’ਤੇ ਲਿਖਿਆ ਗਿਆ ਹੈ, “ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ”।  ‘ਸਿੰਘ’ ਸਰਨੇਮ ਦੀ ਇਸ ਵਰਤੋਂ ਨੇ ਭਾਰਤੀ-ਅਮਰੀਕੀ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ। ਇਸ ਵਿਵਾਦ ਦਾ ਮੁੱਖ ਕਾਰਨ ਪੋਸਟਰ ਵਿੱਚ ਲਿਖੀ ਲਾਈਨ “ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ” ਨੂੰ ਮੰਨਿਆ ਜਾ ਰਿਹਾ ਹੈ, ਜੋ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਏ ਕੁਝ ਸੜਕ ਹਾਦਸਿਆਂ ਨਾਲ ਜੋੜੀ ਜਾ ਰਹੀ ਹੈ, ਜਿਨ੍ਹਾਂ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਨਾਗਰਿਕਾਂ ਦੇ ਟਰੱਕ ਡਰਾਈਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਸਖ਼ਤ ਜਾਂਚ ਦੇ ਨਾਲ-ਨਾਲ ਟਰੰਪ ਪ੍ਰਸ਼ਾਸਨ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਅਤੇ ਵਰਕ ਪਰਮਿਟ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਹਾਲਾਂਕਿ, ਆਲੋਚਕਾਂ ਦਾ ਤਰਕ ਹੈ ਕਿ ‘ਸਿੰਘ’ ਸਰਨੇਮ ਨੂੰ ਡਰਾਈਵਿੰਗ ਦੀਆਂ ਕਥਿਤ ਉਲੰਘਣਾਵਾਂ ਨਾਲ ਜੋੜਨਾ ਸਿੱਧੇ ਤੌਰ ’ਤੇ ਨਸਲੀ ਪ੍ਰੋਫਾਈਲਿੰਗ ਹੈ।

ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ DHS ਦੇ ਇਸ ਪੋਸਟਰ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ‘ਭਾਰਤ-ਵਿਰੋਧੀ ਪ੍ਰੋਫਾਈਲਿੰਗ’ ਕਰਾਰ ਦਿੱਤਾ ਹੈ। ਫਾਊਂਡੇਸ਼ਨ ਨੇ ਐਕਸ ’ਤੇ ਲਿਖਿਆ, “ਸਿੰਘ ਹਿੰਦੂ ਵੀ ਹਨ, ਸਿੱਖ ਵੀ ਹਨ, ਅਮਰੀਕੀ ਵੀ ਹਨ ਅਤੇ ਉਹ ਗੱਡੀਆਂ ਵੀ ਚਲਾਉਂਦੇ ਹਨ। DHS ਦੁਆਰਾ ਕੀਤੀ ਗਈ ਇਹ ਨਸਲਵਾਦੀ ਅਤੇ ਗੈਰ-ਅਮਰੀਕੀ ਟਿੱਪਣੀ ਸਾਡੇ ਦੇਸ਼ ਦੀ ਜ਼ਮੀਰ ਨੂੰ ਝੰਜੋੜਨ ਵਾਲੀ ਹੈ।” ਸੰਸਥਾ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਅਤੇ ‘ਟਰਾਂਸਫਾਰਮਰਜ਼’ ਦੀ ਫਿਲਮ ਕੰਪਨੀ ਪੈਰਾਮਾਊਂਟ ਪਿਕਚਰਜ਼ ਨੂੰ ਵੀ ਇਸ ਮਾਮਲੇ ’ਤੇ ਧਿਆਨ ਦੇਣ ਲਈ ਕਿਹਾ ਹੈ।

ਫੌਕਸ 7 ਨਿਊਜ਼ ਦੇ ਐਂਕਰ ਐਲੇਕ ਨੋਲਨ ਨੇ ਵੀ ਇਸ ਪੋਸਟਰ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾਂ ਐਕਸ ’ਤੇ ਆਪਣੀ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਲਿਖਿਆ, “ਮੇਰੇ ਦਾਦਾ ਜੀ ਦਾ ਨਾਮ ਡੈਨ ਸਿੰਘ ਸੀ। ਉਨ੍ਹਾਂ ਦੇ ਪਿਤਾ ਕਥਾ ਸਿੰਘ ਦਹਾਕੇ ਪਹਿਲਾਂ ਭਾਰਤ ਤੋਂ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਆਏ ਸਨ। ਉਹ ਕੈਲੀਫੋਰਨੀਆ ਵਿੱਚ ਕਿਸਾਨ ਬਣੇ ਅਤੇ ਮੇਰੇ ਦਾਦਾ ਜੀ ਨੇ ਬਾਅਦ ਵਿੱਚ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ। ਇਹ ਪੋਸਟਰ ਨਸਲਵਾਦੀ ਹੈ ਅਤੇ ‘ਸਿੰਘ’ ਨਾਮ ਵਾਲੇ ਹਰ ਵਿਅਕਤੀ ਦਾ ਅਪਮਾਨ ਕਰਦਾ ਹੈ।” ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਨੂੰ ਖੁਦ ਦੇਸ਼ ਛੱਡਣ ਲਈ ਲਗਾਤਾਰ ਚਿਤਾਵਨੀਆਂ ਦੇ ਰਿਹਾ ਹੈ।

Share: