ਰਾਘਵ ਚੱਢਾ: ਨਾ ਪੰਜਾਬ ਦੇ ਰਹੇ, ਨਾ ਦਿੱਲੀ ਦੇ..!

ਰਾਘਵ ਚੱਢਾ: ਨਾ ਪੰਜਾਬ ਦੇ ਰਹੇ, ਨਾ ਦਿੱਲੀ ਦੇ..!

ਚੰਡੀਗੜ੍ਹ : ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਅਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ’ਚੋਂ ਵੀ ਗ਼ਾਇਬ ਹੋ ਗਏ ਹਨ। ਚੋਣ ਕਮਿਸ਼ਨ ਨੇ ਪੰਜਾਬ ’ਚ ਵਿਸ਼ੇਸ਼ ਸੁਧਾਈ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਹੋਈ ਤਾਂ ਉਸ ’ਚ ਰਾਘਵ ਚੱਢਾ ਨੂੰ ‘ਪੱਕੇ ਤੌਰ ’ਤੇ ਸ਼ਿਫ਼ਟ’ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਚੋਂ ਆਊਟ ਕਰ ਦਿੱਤਾ ਗਿਆ ਹੈ।

ਉੱਧਰ, ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ ਅਤੇ ਇਸ ਸੂਚੀ ’ਚ ਵੀ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਹੈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਕੀਤੀ ਘੋਖ ਮਗਰੋਂ ਰਾਘਵ ਚੱਢਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ’ਚ ਇਸ ਵੇਲੇ ਦੋ ਵੋਟਰ ਹੀ ਹਨ। ਇਸ ਮਕਾਨ ਨੰਬਰ ’ਚ ਰਾਘਵ ਚੱਢਾ ਦੇ ਪਿਤਾ ਸੁਨੀਲ ਚੱਢਾ ਅਤੇ ਮਾਤਾ ਅਲਕਾ ਚੱਢਾ ਦੀ ਵੋਟ ਦਰਜ ਹੈ।
ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਚ ਰਾਘਵ ਚੱਢਾ ਦੀ ਪਹਿਲਾਂ ਵੋਟ ਬਣੀ ਹੋਈ ਸੀ। ਮੁਹਾਲੀ ਦੇ ਵਾਰਡ ਨੰਬਰ 44 ’ਚ ਪੈਂਦੇ ਰੀਜੈਂਸੀ ਹਾਈਟਸ ’ਚ ਰਾਘਵ ਚੱਢਾ ਦੀ ਰਿਹਾਇਸ਼ ਹੈ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ’ਤੇ ਸ਼ਿਫ਼ਟ ਹੋਣ ਦੀ ਗੱਲ ਕਹੀ ਗਈ ਹੈ।
ਆਮ ਆਦਮੀ ਪਾਰਟੀ ਨੇ ਜਦੋਂ ਰਾਘਵ ਚੱਢਾ ਦੀ ਰਾਜ ਸਭਾ ਲਈ 21 ਮਾਰਚ 2022 ਨੂੰ ਨਾਮਜ਼ਦਗੀ ਦਾ ਐਲਾਨ ਕੀਤਾ ਸੀ ਤਾਂ ਉਸ ਵਕਤ ਪੰਜਾਬ ’ਚ ਸਿਆਸੀ ਹਿਲਜੁਲ ਹੋਈ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਰਾਘਵ ਚੱਢਾ ਅਪਰੈਲ 2022 ’ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਰਾਜ ਸਭਾ ਦੀ ਸਾਲ 2022 ’ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ ਰਾਘਵ ਚੱਢਾ ਦੀ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ’ਚ ਸੀਰੀਅਲ ਨੰਬਰ 313, ਪਾਰਟ ਨੰਬਰ 52 ਤਹਿਤ ਵੋਟ ਬਣੀ ਹੋਈ ਸੀ।
ਉਸ ਮਗਰੋਂ ਰਜਿੰਦਰ ਨਗਰ ਦਿੱਲੀ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਸੀ। ਸੂਤਰਾਂ ਅਨੁਸਾਰ ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਾਉਣ ਮਗਰੋਂ ਨਵੀਂ ਵੋਟ ਪੰਜਾਬ ’ਚ ਬਣਾ ਲਈ ਸੀ। ਹੁਣ ਵਿਸ਼ੇਸ਼ ਸੁਧਾਈ ਪ੍ਰਕਿਰਿਆ ਦੌਰਾਨ ਪੰਜਾਬ ਚੋਂ ਵੀ ਰਾਘਵ ਚੱਢਾ ਦੀ ਵੋਟ ਕੱਟੀ ਗਈ ਹੈ। ਪ੍ਰੰਤੂ ਹੁਣ ਉਨ੍ਹਾਂ ਦੀ ਵੋਟ ਉਨ੍ਹਾਂ ਦੀ ਦਿੱਲੀ ਵਿਚਲੀ ਜੱਦੀ ਰਿਹਾਇਸ਼ ’ਤੇ ਵੀ ਨਹੀਂ ਬਣੀ ਹੋਈ ਹੈ। ਖਰੜਾ ਵੋਟਰ ਸੂਚੀ ਅਨੁਸਾਰ ਇਸ ਵੇਲੇ ਰਾਘਵ ਚੱਢਾ ਨਾ ਪੰਜਾਬ ਦੇ ਵੋਟਰ ਰਹੇ ਹਨ ਅਤੇ ਨਾ ਹੀ ਆਪਣੇ ਜੱਦੀ ਹਲਕੇ ਦਿੱਲੀ ਦੇ।
ਲੋਕ ਸਭਾ ਚੋਣਾਂ 2024 ਸਮੇਂ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਪਤਾ ਚੱਲਿਆ ਹੈ। ਪੰਜਾਬ ’ਚ 20.66 ਲੱਖ ਵੋਟਰਾਂ ਦੇ ਨਾਮ ਕੱਟੇ ਗਏ ਹਨ ਜੋ ਕਿ ਕੁੱਲ ਵੋਟਰ ਸੂਚੀ ਦਾ ਕਰੀਬ 9.7 ਫ਼ੀਸਦੀ ਬਣਦੇ ਹਨ।

ਵੇਰਵਿਆਂ ਅਨੁਸਾਰ ਰਾਘਵ ਚੱਢਾ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ, ਉਸ ਮਗਰੋਂ ਸਿਰਫ਼ ਇੱਕ ਵਾਰ ਉਹ ਪੰਜਾਬ ’ਚ ਨਜ਼ਰ ਆਏ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਵੀ ਰਾਘਵ ਚੱਢਾ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ।

ਰਾਘਵ ਚੱਢਾ ਦੀ ਵੋਟ ਕੱਟਣ ਤੋਂ ਸਿਆਸੀ ਜੰਗ ਛਿੜੀ

ਪੰਜਾਬ ’ਚ ਵੋਟ ਕੱਟੇ ਜਾਣ ਮਗਰੋਂ ਹੁਣ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਹਨ। ਕੁੱਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਰਾਘਵ ਚੱਢਾ ਨੇ ਆਪਣੀ ਵੋਟ ਕੱਟੇ ਜਾਣ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ‘ਆਪ’ ਸਰਕਾਰ ’ਤੇ ਗ਼ੁੱਸਾ ਕੱਢਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਖਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਨਾਲ ਸੂਬਾਈ ਸਰਕਾਰ ਦੀ ਕੀ ਤੁਅੱਲਕ।

ਰਾਘਵ ਚੱਢਾ ਨੇ ਅੱਜ ਮੋੜਵਾਂ ਵਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ’ਆਪ’ ਸਰਕਾਰ ਹੁਣ ਆਪਣੀ ਬਦਲੇ ਦੀ ਰਾਜਨੀਤੀ ਨੂੰ ਖਰੜਾ ਵੋਟਰ ਸੂਚੀਆਂ ਤੱਕ ਲੈ ਆਈ ਹੈ। ਉਨ੍ਹਾਂ ਕਿਹਾ ਕਿ ‘ਸ਼ੁਕਰ ਹੈ ਕਿ ਇਹ ਸਿਰਫ਼ ਖਰੜਾ ਵੋਟਰ ਸੂਚੀਆਂ ਹਨ, ਅੰਤਿਮ ਵੋਟਰ ਸੂਚੀਆਂ ਨਹੀਂ। ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਹਾਲੇ ਬਾਕੀ ਹੈ।’  ਉਨ੍ਹਾਂ ਕਿਹਾ ਕਿ ਇਹ ਕੋਈ ਮਾਮੂਲੀ ਕਲੈਰੀਕਲ ਗ਼ਲਤੀ ਨਹੀਂ  ਬਲਕਿ ਸਿਆਸੀ ਬਦਲਾਖੋਰੀ ਦਾ ਸਪਸ਼ਟ ਮਾਮਲਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਮੈਨੂੰ ‘ਸ਼ਿਫਟਡ’ ਕਿਸ ਨੇ ਮਾਰਕ ਕੀਤਾ? ‘ਆਪ’ ਦੀ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ। ਉਨ੍ਹਾਂ ਕਿਹਾ ਕਿ ਪੂਰੀ ਸੁਧਾਈ ਪ੍ਰਕਿਰਿਆ’ਚ ਬੀ.ਐਲ.ਓ ਦੀ ਭੂਮਿਕਾ ਹੁੰਦੀ ਹੈ ਜੋ ਪੰਜਾਬ ਸਰਕਾਰ ਦਾ ਜੂਨੀਅਰ ਕਰਮਚਾਰੀ ਹੁੰਦਾ ਹੈ। ਇਸੇ ਤਰ੍ਹਾਂ ਸਿਖਰ ’ਤੇ ਪੰਜਾਬ ਕੇਡਰ ਦਾ ਇੱਕ ਆਈ.ਏ.ਐੱਸ ਅਧਿਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਸੇਵਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪਾਰਟੀ ਛੱਡਣ ਕਰਕੇ  ‘ਆਪ’ ਲੀਡਰਸ਼ਿਪ ਗ਼ੁੱਸੇ ’ਚ ਸੜ ਰਹੀ ਹੈ।

Share: