657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ‘ਰਾਸਲੀਲਾ’: ਮਾਸਟਰਮਾਈਂਡ ਨੇ ਪ੍ਰੇਮਿਕਾ ’ਤੇ ਲੁਟਾਏ ਕਰੋੜਾਂ

657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ‘ਰਾਸਲੀਲਾ’: ਮਾਸਟਰਮਾਈਂਡ ਨੇ ਪ੍ਰੇਮਿਕਾ ’ਤੇ ਲੁਟਾਏ ਕਰੋੜਾਂ

ਚੰਡੀਗੜ੍ਹ : ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿ ਤੱਕ ਪਹੁੰਚਦਿਆਂ ਸੀ.ਬੀ.ਆਈ. ਦੀ ਜਾਂਚ ਵਿੱਚ ਇੱਕ ਹੈਰਾਨਕੁੰਨ ਦਾਸਤਾਨ ਸਾਹਮਣੇ ਆਈ ਹੈ। ਜਿਸ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ’ਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ, ਉਸੇ ਦੌਰਾਨ ਇਸ ਖੇਡ ਦਾ ਮਾਸਟਰਮਾਈਂਡ ਆਪਣੀ ਡਾਂਸਰ ਪ੍ਰੇਮਿਕਾ ’ਤੇ ਸਰਕਾਰੀ ਖ਼ਜ਼ਾਨੇ ਦਾ ਪੈਸਾ ਪਾਣੀ ਵਾਂਗ ਵਹਾ ਰਿਹਾ ਸੀ।

ਸੀ.ਬੀ.ਆਈ. ਦੀ ਜਾਂਚ ਮੁਤਾਬਕ, ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਰਿਭਵ ਰਿਸ਼ੀ ਦੀ ਮਾਰਚ-ਅਪਰੈਲ 2025 ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੌਰਾਨ ਇੱਕ ਮਹਿਲਾ ਡਾਂਸਰ ਨਾਲ ਅੱਖ ਲੜ ਗਈ ਸੀ। ਇਸ ਤੋਂ ਬਾਅਦ ਜੈਪੁਰ ਦੀ ਇੱਕ ਫਾਰਮਹਾਊਸ ਪਾਰਟੀ ਅਤੇ ਮੁੰਬਈ ਦੇ ਮਹਿੰਗੇ ਹੋਟਲ ਵਿੱਚ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੌਲ ਦਰਾਮਦ-ਬਰਾਮਦ ਦਾ ਵਪਾਰੀ ਅਤੇ ਆਈ.ਡੀ.ਐੱਫ.ਸੀ. ਫਸਟ ਬੈਂਕ’ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਇਜ਼ਹਾਰ ਕੀਤਾ। ਰਿਸ਼ੀ ਨੇ ‘ਐੱਸ.ਆਰ.ਆਰ. ਪਲੈਨਿੰਗ ਗੁਰੂਜ਼’ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ ਸੀ।

ਬਿਹਾਰ ਦੇ ਸੀਵਾਨ ਨਾਲ ਸਬੰਧਤ ਇਹ ਮਹਿਲਾ ਡਾਂਸਰ ਹੁਣ ਸੀ.ਬੀ.ਆਈ. ਦੀ ਮਹੱਤਵਪੂਰਨ ਗਵਾਹ ਬਣ ਗਈ ਹੈ। ਉਸ ਦੇ ਬਿਆਨਾਂ ਮੁਤਾਬਕ, ਆਈ.ਏ.ਐੱਸ. ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਨਾਲ ਮਿਲ ਕੇ ਆਪਣੇ ਅਧੀਨ ਆਉਂਦੇ ਸਕੂਲ ਸਿੱਖਿਆ ਅਤੇ ਖੇਤੀਬਾੜੀ ਵਿਭਾਗਾਂ ’ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ।

ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 ਤੋਂ 10 ਲੱਖ ਰੁਪਏ ਦੇਂਦਾ ਰਿਹਾ, ਜੋ ਕੁੱਲ 56 ਲੱਖ ਰੁਪਏ ਬਣਦੇ ਹਨ। ਇਸ ਤੋਂ ਇਲਾਵਾ, ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਉਸ ਲਈ 4 ਕਰੋੜ ਰੁਪਏ ਦਾ ਆਲੀਸ਼ਾਨ ਮਕਾਨ ਖਰੀਦਿਆ ਗਿਆ, ਜਿਸ ਵਿੱਚੋਂ ਵੱਡੀ ਰਕਮ ਰਿਸ਼ੀ ਨੇ ਨਕਦ ਅਦਾ ਕੀਤੀ। ਉਹ ਜਨਵਰੀ 2026 ਤੋਂ ਇਸੇ ਮਕਾਨ ਵਿੱਚ ਰਹਿ ਰਹੀ ਹੈ।

ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ, ਹਾਲੀਡੇ ਇਨ, ਹਯਾਤ ਅਤੇ ਦਿੱਲੀ ਦੇ ਆਈ.ਟੀ.ਸੀ. ਮੌਰਿਆ ਸਮੇਤ ਗੋਆ ਦੇ ਤਾਜ ਹੋਟਲ ਵਿੱਚ ਠਾਠ-ਬਾਠ ਨਾਲ ਸਮਾਂ ਬਿਤਾਇਆ। ਇਸ ਤੋਂ ਇਲਾਵਾ, ਮਕਾਊ, ਥਾਈਲੈਂਡ ਅਤੇ ਦੁਬਈ ਦੇ ਮਹਿੰਗੇ ਦੌਰੇ ਕੀਤੇ ਗਏ। ਦੁਬਈ ਦੇ ਬੁਰਜ ਅਲ ਅਰਬ ’ਚ ਠਹਿਰਨ ਦੌਰਾਨ ਰਿਸ਼ੀ ਨੇ ਉੱਥੇ 4 ਬੈੱਡਰੂਮ ਵਾਲੀ ਡੂਪਲੈਕਸ ਵਿਲਾ ਦਿਖਾ ਕੇ ਭਵਿੱਖ ’ਚ ਉੱਥੇ ਪੱਕੇ ਤੌਰ ’ਤੇ ਵੱਸਣ ਦਾ ਦਾਅਵਾ ਕੀਤਾ ਅਤੇ ਇੱਕ ਲੈਂਡ ਕਰੂਜ਼ਰ ਗੱਡੀ ਵੀ ਬੁੱਕ ਕਰਵਾਈ।

ਸੀ.ਬੀ.ਆਈ. ਦੀ ਪੜਤਾਲ ’ਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਹੈ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ-ਰਲੀਆਂ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਕਰਦੇ ਸਨ। ਇਨ੍ਹਾਂ ਪਾਰਟੀਆਂ ਵਿੱਚ ਨਚਾਰਾਂ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ ਅਤੇ ਇਸਕੌਰਟ ਸੇਵਾਵਾਂ ਲਈਆਂ ਜਾਂਦੀਆਂ ਸਨ। ਡਾਂਸਰ ਮੁਤਾਬਕ, ਆਈ.ਏ.ਐੱਸ. ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6-7 ਪਾਰਟੀਆਂ ਵਿੱਚ ਹਿੱਸਾ ਲਿਆ।

ਜਾਂਚ ਏਜੰਸੀ ਨੇ ਗਵਾਹ ਦਾ ਸੈਮਸੰਗ ਜ਼ੈੱਡ ਫੋਲਡ ਫੋਨ ਜ਼ਬਤ ਕਰ ਲਿਆ ਹੈ। ਸੀ.ਬੀ.ਆਈ. ਅਨੁਸਾਰ, ਰਿਸ਼ੀ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਅਤੇ ਆਪਣੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਤਬਦੀਲ ਕੀਤੇ ਅਤੇ ਸਰਕਾਰੀ ਖਾਤਿਆਂ ’ਚੋਂ ਕੁੱਲ 187.35 ਕਰੋੜ ਰੁਪਏ ਦੀਆਂ 25 ਗੈਰ-ਕਾਨੂੰਨੀ ਟਰਾਂਸਜੈਕਸ਼ਨਾਂ ਨੂੰ ਅੰਜਾਮ ਦਿੱਤਾ।

Share: