ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਜਾਉਣ ਦੇ ਮਕਸਦ ਨਾਲ ਸੂਬੇ ਵਿੱਚ ਉਦਯੋਗਿਕ ਨਿਵੇਸ਼ ਨੂੰ ਪ੍ਰਫੁੱਲਿਤ ਕਰਨਾ ਮੌਜੂਦਾ ਦੌਰ ਦੀ ਸਭ ਤੋਂ ਅਹਿਮ ਲੋੜ ਬਣ ਚੁੱਕਾ ਹੈ। ਰਵਾਇਤੀ ਖੇਤੀਬਾੜੀ ਆਧਾਰਿਤ ਅਰਥਚਾਰੇ ਦੇ ਨਾਲ-ਨਾਲ ਸਨਅਤੀ ਖੇਤਰ ਵਿੱਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਇਨਵੈਸਟ ਪੰਜਾਬ’ ਪਹਿਲਕਦਮੀ ਨੇ ਸੂਬੇ ਨੂੰ ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਕੇਂਦਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਇਹ ਕਦਮ ਨਾ ਸਿਰਫ਼ ਉਦਯੋਗਪਤੀਆਂ ਦਾ ਭਰੋਸਾ ਜਿੱਤ ਰਿਹਾ ਹੈ ਸਗੋਂ ਪੰਜਾਬ ਦੇ ਉਦਯੋਗਿਕ ਭਵਿੱਖ ਨੂੰ ਇੱਕ ਨਵੀ ਪਰਿਭਾਸ਼ਾ ਵੀ ਦੇ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਿਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਲਗਪਗ 1.74 ਲੱਖ ਕਰੋੜ ਰੁਪਏ ਦਾ ਵੱਡਾ ਨਿਵੇਸ਼ ਆ ਚੁੱਕਾ ਹੈ। ਇਸ ਦਿਸ਼ਾ ਵਿੱਚ ਹੋਰ ਅੱਗੇ ਵਧਦਿਆਂ, 10 ਜੂਨ 2026 ਨੂੰ ਹੋਈ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਵਿੱਚ ‘ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026’ ਅਤੇ ‘ਪੰਜਾਬ ਉਦਯੋਗ ਕ੍ਰਾਂਤੀ ਪਹਿਲਕਦਮੀ’ ਅਧੀਨ ਵਿਸ਼ੇਸ਼ ਸਰਕਾਰੀ ਨੀਤੀਆਂ ਵਿੱਚ ਮਹੱਤਵਪੂਰਨ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਸੋਧਾਂ ਤਹਿਤ ਵਿੱਤੀ ਰਿਆਇਤਾਂ ਦਾ ਦਾਇਰਾ ਵਸੀਹ ਕਰਦਿਆਂ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਸਕਾਰਾਤਮਕ ਸੁਨੇਹਾ ਗਿਆ ਹੈ। ਬੀਤੇ ਸਾਲ 2025 ਦੌਰਾਨ ਲਗਪਗ 57,000 ਕਰੋੜ ਰੁਪਏ ਦੇ ਨਿਵੇਸ਼ ਪ੍ਰੋਜੈਕਟ ਜ਼ਮੀਨੀ ਪੱਧਰ ’ਤੇ ਅਮਲ ਵਿੱਚ ਆ ਚੁੱਕੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੀਆਂ ਵਪਾਰ-ਪੱਖੀ ਨੀਤੀਆਂ ਅਤੇ ‘ਸਿੰਗਲ ਵਿੰਡੋ’ ਪ੍ਰਣਾਲੀ ਕਾਰਨ ਕੰਪਨੀਆਂ ਦਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ।
ਇਸ ਉਦਯੋਗਿਕ ਮਾਹੌਲ ਦਾ ਸਭ ਤੋਂ ਵੱਡਾ ਅਤੇ ਸਕਾਰਾਤਮਕ ਪ੍ਰਭਾਵ ਸੂਬੇ ਦੇ ਨੌਜਵਾਨਾਂ ਉੱਤੇ ਪੈਣ ਦੀ ਉਮੀਦ ਹੈ। ਆਈ ਟੀ, ਨਿਰਮਾਣ, ਅਤੇ ਹੋਰ ਆਧੁਨਿਕ ਸਨਅਤੀ ਖੇਤਰਾਂ ਵਿੱਚ ਨਵੇਂ ਪ੍ਰੋਜੈਕਟ ਆਉਣ ਨਾਲ ਰੁਜ਼ਗਾਰ ਦੇ ਲੱਖਾਂ ਨਵੇਂ ਮੌਕਿਆਂ ਦੀ ਸਿਰਜਣਾ ਹੋਵੇਗੀ। ਜਦੋਂ ਸੂਬੇ ਦੇ ਅੰਦਰ ਹੀ ਉੱਚ-ਪੱਧਰੀ ਕਾਰੋਬਾਰੀ ਮੌਕੇ ਮੁਹੱਈਆ ਹੋਣਗੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰਨ ਦੀ ਮਜਬੂਰੀ ਤੋਂ ਨਿਜਾਤ ਮਿਲੇਗੀ। ਇਸ ਨਾਲ ‘ਬਰੇਨ ਡ੍ਰੇਨ’ (ਪੰਜਾਬ ਦੀ ਪ੍ਰਤਿਭਾ ਦੇ ਪਰਵਾਸ ਕਰਨ) ਦੇ ਰੁਝਾਨ ਨੂੰ ਠੱਲ੍ਹ ਪਵੇਗੀ ਅਤੇ ਸੂਬੇ ਦੀ ਬੌਧਿਕ ਤੇ ਸਰੀਰਕ ਸਮਰੱਥਾ ਪੰਜਾਬ ਦੇ ਵਿਕਾਸ ਵਿੱਚ ਵਰਤੀ ਜਾ ਸਕੇਗੀ।
‘ਇਨਵੈਸਟ ਪੰਜਾਬ’ ਤਹਿਤ ਜ਼ਮੀਨ ਦੀ ਅਲਾਟਮੈਂਟ, ਪ੍ਰਵਾਨਗੀਆਂ, ਬਿਜਲੀ ਅਤੇ ਟੈਕਸ ਸਬੰਧੀ ਸਹੂਲਤਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਨਾਲ ਉੱਦਮੀਆਂ ਲਈ ਲਾਲ ਫੀਤਾਸ਼ਾਹੀ ਦੇ ਅੜਿੱਕੇ ਖ਼ਤਮ ਹੋਏ ਹਨ। ਜੇਕਰ ਸਰਕਾਰ ਇਸੇ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਆਪਣੀਆਂ ਨੀਤੀਆਂ ਨੂੰ ਲਾਗੂ ਅਤੇ ਨਿਵੇਸ਼ਕਾਂ ਦਾ ਮਨੋਬਲ ਉੱਚਾ ਰੱਖਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਉਦਯੋਗਿਕ ਸੂਬਿਆਂ ਵਿੱਚ ਪੰਜਾਬ ਮੋਹਰੀ ਸਥਾਨ ਹਾਸਲ ਕਰ ਲਵੇਗਾ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਉਦਯੋਗਿਕ ਲਹਿਰ ਸੂਬੇ ਨੂੰ ਆਰਥਿਕ ਸਥਿਰਤਾ ਵੱਲ ਲੈ ਕੇ ਜਾ ਰਹੀ ਹੈ।

