ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ, ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਵਿੱਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਕਾਰਨ ਪੰਜਾਬ ਵਿੱਚ ਉਨ੍ਹਾਂ ਦਾ ਸਮੂਹਿਕ ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਥਕ ਧਿਰਾਂ ਵੱਖ-ਵੱਖ ਹੋ ਕੇ ਚੋਣ ਮੈਦਾਨ ਵਿੱਚ ਨਿੱਤਰੀਆਂ ਤਾਂ ਇਸ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੇਗਾ। ਸੂਤਰਾਂ ਅਨੁਸਾਰ, ਮਲੂਕਾ ਏਕਤਾ ’ਤੇ ਇਸ ਲਈ ਵੀ ਜ਼ੋਰ ਦੇ ਰਹੇ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਵਿੱਚ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆਉਂਦਾ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਵਡਾਲਾ ਨੇ ਮੰਨਿਆ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਅਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਸਮਝੌਤੇ ਲਈ ਗੱਲਬਾਤ ਜਾਰੀ ਹੈ। ਵਡਾਲਾ ਨੇ ਸਾਫ਼ ਕੀਤਾ ਸੀ, “ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਪਵੇਗਾ। ਅਸੀਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਆਖਿਆ ਸੀ ਅਤੇ ਹੁਣ ਵੀ ਦੁਹਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ, ਤਾਂ ਜੋ ਪੰਥ ਵੱਲੋਂ ਚੁਣਿਆ ਗਿਆ ਕੋਈ ਨਵਾਂ ਆਗੂ ਪਾਰਟੀ ਚਲਾ ਸਕੇ। ਚੋਣਾਂ ਤੋਂ ਬਾਅਦ ਜੇਕਰ ਸਾਰੀਆਂ ਧਿਰਾਂ ਸਹਿਮਤ ਹੁੰਦੀਆਂ ਹਨ ਤਾਂ ਉਹ ਮੁੱਖ ਮੰਤਰੀ ਦੇ ਉਮੀਦਵਾਰ ਬਣ ਸਕਦੇ ਹਨ। ਅਸੀਂ ਵਾਰਿਸ ਪੰਜਾਬ ਦੇ ਨੂੰ ਵੀ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਹੀ ਸੀਐੱਮ ਅਹੁਦੇ ਦਾ ਦਾਅਵਾ ਕਰਨ, ਜਦਕਿ ਉਹ ਪਹਿਲਾਂ ਚਿਹਰਾ ਐਲਾਨਣਾ ਚਾਹੁੰਦੇ ਸਨ।”
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2024 ਵਿੱਚ ਮਲੂਕਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਬਾਹਰ ਕੱਢ ਦਿੱਤਾ ਸੀ, ਪਰ ਜੂਨ 2025 ਵਿੱਚ ਉਨ੍ਹਾਂ ਦੀ ਮੁੜ ਪਾਰਟੀ ਵਿੱਚ ਵਾਪਸੀ ਕਰਵਾਈ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਮਲੂਕਾ ਸਮੇਤ ਕਈ ਹੋਰ ਆਗੂਆਂ ਨੇ ਸੁਖਬੀਰ ਬਾਦਲ ਵਿਰੁੱਧ ਬਗਾਵਤ ਕਰਦਿਆਂ ਉਨ੍ਹਾਂ ਤੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਅਕਾਲੀ ਦਲ ਸਿਰਫ਼ ਇੱਕ ਸੀਟ ਹੀ ਜਿੱਤ ਸਕਿਆ ਸੀ, ਜਿੱਥੇ ਸੁਖਬੀਰ ਬਾਦਲ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਜਿੱਤ ਦਰਜ ਕੀਤੀ ਸੀ।

