ਕਾਠਮਾਂਡੂ : ਨੇਪਾਲ ਵਿੱਚ ਆਏ ਅਚਾਨਕ ਆਏ ਹੜ੍ਹ ਦੇ ਇੱਕ ਹਫ਼ਤੇ ਬਾਅਦ ਵੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਬੁੱਧਵਾਰ ਨੂੰ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਿਮਾਲਿਆਈ ਤਬਾਹੀ ਵਿੱਚ ਮਾਰਨ ਵਾਲਿਆਂ ਦੀ ਗਿਣਤੀ ਵਧ ਕੇ 1,127 ਤੱਕ ਪਹੁੰਚ ਗਈ ਹੈ। ਬਚਾਅ ਟੀਮਾਂ ਅਜੇ ਵੀ ਮਲਬੇ ਹੇਠ ਦੱਬੇ ਅਤੇ ਹੜ੍ਹ ’ਚ ਰੁੜ੍ਹ ਗਏ ਹਜ਼ਾਰਾਂ ਲਾਪਤਾ ਲੋਕਾਂ ਦੀ ਭਾਲ ਲਈ ਦਿਨ-ਰਾਤ ਮੁਹਿੰਮ ਚਲਾ ਰਹੀਆਂ ਹਨ।
ਨੇਪਾਲ ਪੁਲੀਸ ਅਨੁਸਾਰ ਵੱਖ-ਵੱਖ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਦੇ ਅੰਕੜਿਆਂ ਮੁਤਾਬਕ ਚਿਤਵਨ ਤੋਂ 348, ਨਵਲਪਰਾਸੀ ਪੂਰਬ ਤੋਂ 217, ਨਵਲਪਰਾਸੀ ਪੱਛਮ ਤੋਂ 190 ਅਤੇ ਨੁਵਾਕੋਟ ਤੋਂ 155 ਮ੍ਰਿਤਕ ਦੇਹਾਂ ਮਿਲੀਆਂ ਹਨ। ਇਸ ਤੋਂ ਇਲਾਵਾ ਗੋਰਖਾ ਤੋਂ 66, ਧਾਦਿੰਗ ਤੋਂ 59, ਰਸੂਵਾ ਤੋਂ 45 ਅਤੇ ਤਨਾਹੂ ਜ਼ਿਲ੍ਹੇ ਤੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ 1,113 ਲਾਸ਼ਾਂ ਦਾ ਪੋਸਟਮਾਰਟਮ ਅਤੇ ਕਾਨੂੰਨੀ ਪਛਾਣ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ 95 ਦੇਹਾਂ ਵਾਰਸਾਂ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ। ਬਾਕੀ 911 ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨੇਪਾਲ ਪੁਲੀਸ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਹਨ ਤਾਂ ਜੋ ਪੀੜਤ ਪਰਿਵਾਰ ਆਪਣੇ ਲਾਪਤਾ ਮੈਂਬਰਾਂ ਦੀ ਸ਼ਨਾਖਤ ਕਰ ਸਕਣ।
ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਨੇਪਾਲ-ਤੀਬੱਤ ਸਰਹੱਦ ਨੇੜੇ ਬਰਫ਼ ਅਤੇ ਚਟਾਨਾਂ ਦੇ ਖਿਸਕਣ (ਗਲੇਸ਼ੀਅਰ ਢਹਿਣ) ਨਾਲ ਆਏ ਭਿਆਨਕ ਫਲੈਸ਼ ਫਲੱਡ (ਅਚਾਨਕ ਹੜ੍ਹ) ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ ਸੀ।
ਲਾਪਤਾ ਵਿਅਕਤੀਆਂ ਵਿੱਚ ਉੱਤਰੀ ਟੈਕਸਾਸ ਦੇ ਕਾਰੋਬਾਰੀ ਵੀ ਸ਼ਾਮਲ
ਲਾਪਤਾ ਭਾਰਤੀ ਮੂਲ ਦੇ ਲੋਕਾਂ ਵਿੱਚ ਉੱਤਰੀ ਟੈਕਸਾਸ ਦੇ ਕਾਰੋਬਾਰੀ ਦੀਪਕ ਆਹੂਜਾ (60) ਅਤੇ ਉਨ੍ਹਾਂ ਦੀ ਪਤਨੀ ਮਧੂ ਆਹੂਜਾ (57) ਸ਼ਾਮਲ ਹਨ, ਜੋ ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਪਰਤਦੇ ਸਮੇਂ ਚੀਨ-ਨੇਪਾਲ ਸਰਹੱਦ ’ਤੇ ਗਾਇਰੋਂਗ ਪੋਰਟ ਨੇੜੇ ਸੰਚਾਰ ਠੱਪ ਹੋਣ ਤੋਂ ਬਾਅਦ ਲਾਪਤਾ ਹੋ ਗਏ। ਇਸ ਤੋਂ ਇਲਾਵਾ ਟੈਕਸਾਸ ਦਾ ਦੂਜਾ ਜੋੜਾ ਅਰਚਨਾ ਸੁਰੇਸ਼ ਅਤੇ ਰਘੂ ਰਾਜਨ ਵੀ ਰਸੂਵਾਗੜ੍ਹੀ-ਤਿਮੁਰੇ ਖੇਤਰ ਤੋਂ ਲਾਪਤਾ ਹੈ। ਅਮਰੀਕੀ ਕੌਂਸਲੇਟ ਦੇ ਅਧਿਕਾਰੀਆਂ ਅਨੁਸਾਰ ਪ੍ਰਭਾਵਿਤ ਨਦੀ ਘਾਟੀ ਖੇਤਰ ਵਿੱਚੋਂ ਸ਼ੁਰੂਆਤ ਵਿੱਚ ਲਗਭਗ 85 ਤੋਂ 90 ਅਮਰੀਕੀ ਨਾਗਰਿਕ ਲਾਪਤਾ ਦੱਸੇ ਗਏ ਸਨ।

