ਏ ਆਈ ਤੇ ਮਨੁੱਖੀ ਹੋਂਦ ਨੂੰ ਖ਼ਤਰਾ

ਏ ਆਈ ਤੇ ਮਨੁੱਖੀ ਹੋਂਦ ਨੂੰ ਖ਼ਤਰਾ

ਐਂਥ੍ਰੋਪਿਕ ਦੇ ਖੋਜਕਾਰ ਜੇਕਬ ਕਾਕਸਨ ਦੇ ਅਸਤੀਫ਼ੇ ਅਤੇ ਉਨ੍ਹਾਂ ਦੀ ਡਰਾਉਣੀ ਚੇਤਾਵਨੀ ਨੇ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਬਾਰੇ ਦੁਨੀਆ ਭਰ ਵਿੱਚ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਦੋਂ ਐਂਥ੍ਰੋਪਿਕ ਅਤੇ ਓਪਨਏਆਈ ਦੋਵਾਂ ਨਾਲ ਕੰਮ ਕਰ ਚੁੱਕਾ ਕੋਈ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਪ੍ਰਮੁੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀਆਂ ‘ਸਾਡੀਆਂ ਜਾਨਾਂ ਨਾਲ ਜੂਆ ਖੇਡ ਰਹੀਆਂ ਹਨ’ ਤਾਂ ਸਭ ਤੋਂ ਵੱਡਾ ਸਵਾਲ ਇਹ ਬਣ ਜਾਂਦਾ ਹੈ ਕਿ ਕੀ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਵੱਲੋਂ ਲਿਆਂਦੇ ਜਾ ਰਹੇ ਇਸ ਬਦਲਾਅ ਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

ਕਾਕਸਨ ਦੀ ਮੁੱਖ ਚਿੰਤਾ ਅਜਿਹੇ ਸੁਪਰ-ਇੰਟੈਲੀਜੈਂਟ ਸਿਸਟਮ ਬਣਾਉਣ ਦੀ ਇਸ ਅੰਨ੍ਹੇਵਾਹ ਦੌੜ ਨੂੰ ਲੈ ਕੇ ਹੈ, ਜੋ ਖ਼ੁਦ ਨੂੰ ਆਪਣੇ-ਆਪ ਹੋਰ ਬਿਹਤਰ ਬਣਾ ਸਕਦੇ ਹਨ। ਭਵਿੱਖ ਵਿੱਚ ਇਹ ਸਿਸਟਮ ਹਰ ਖੇਤਰ ਵਿੱਚ ਇਨਸਾਨਾਂ ਤੋਂ ਅੱਗੇ ਨਿਕਲ ਸਕਦੇ ਹਨ ਅਤੇ ਡਿਜੀਟਲ ਸਿਸਟਮਾਂ, ਸਾਧਨਾਂ ਤੇ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦੇ ਹਨ। ਇਸ ਤੋਂ ਵੀ ਵੱਧ ਡਰਾਉਣੀ ਗੱਲ ਇਹ ਹੈ ਕਿ ਐਂਥ੍ਰੋਪਿਕ ਦੇ ਆਪਣੇ ਅਲਾਈਨਮੈਂਟ ਸਾਇੰਸ (ਸੁਰੱਖਿਆ ਵਿਗਿਆਨ) ਦੇ ਮੁਖੀ ਇਵਾਨ ਹੁਬਿੰਗਰ ਨੇ ਖ਼ੁਦ ਮੰਨਿਆ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਅਜਿਹੇ ਖ਼ਤਰਨਾਕ ਸਿਸਟਮਾਂ ਨੂੰ ਇਨਸਾਨੀ ਹਿੱਤਾਂ ਅਨੁਸਾਰ ਕਾਬੂ ਵਿੱਚ ਰੱਖਣ ਦਾ ਕੋਈ ਹੱਲ ਨਹੀਂ ਹੈ। ਅਜਿਹੇ ਬਿਆਨ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਦੁਨੀਆ ਦੇ ਖ਼ਤਰਨਾਕ ਵਿਰੋਧਾਭਾਸ ਨੂੰ ਬੇਨਕਾਬ ਕਰਦੇ ਹਨ। ਵੱਡੀਆਂ ਕੰਪਨੀਆਂ ਖ਼ੁਦ ਮੰਨ ਰਹੀਆਂ ਹਨ ਕਿ ਉੱਨਤ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਵੱਡਾ ਖ਼ਤਰਾ ਬਣ ਸਕਦੀ ਹੈ ਪਰ ਆਪਸੀ ਮੁਕਾਬਲੇ ਦਾ ਦਬਾਅ ਉਨ੍ਹਾਂ ਨੂੰ ਫਿਰ ਵੀ ਹੋਰ ਖ਼ਤਰਨਾਕ ਤਾਕਤਵਰ ਸਿਸਟਮ ਬਣਾਉਣ ਲਈ ਮਜਬੂਰ ਕਰ ਰਿਹਾ ਹੈ। ਇਹ ਸੋਚ ਕਿ ‘ਜੇ ਅਸੀਂ ਇਸ ਨੂੰ ਨਹੀਂ ਬਣਾਵਾਂਗੇ, ਤਾਂ ਕੋਈ ਹੋਰ ਬਣਾ ਲਵੇਗਾ’ ਬਿਲਕੁਲ ਉਹੀ ਖ਼ਤਰਨਾਕ ਸੋਚ ਹੈ ਜੋ ਇਸ ਤਕਨੀਕੀ ਦੌੜ ਨੂੰ ਮਨੁੱਖਤਾ ਲਈ ਵੱਡੀ ਤਬਾਹੀ ਵਿੱਚ ਬਦਲ ਸਕਦੀ ਹੈ। ਇਹ ਸੱਚ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਵਾਈ, ਵਿਗਿਆਨ, ਸਿੱਖਿਆ ਅਤੇ ਉਤਪਾਦਕਤਾ ਦੇ ਖੇਤਰ ਵਿੱਚ ਵੱਡੇ ਲਾਭ ਦੇ ਰਹੀ ਹੈ। ਪਰ ਤਕਨੀਕੀ ਤਰੱਕੀ ਨੂੰ ਸਿਰਫ਼ ਇਸ ਗੱਲ ਤੋਂ ਨਹੀਂ ਮਿਣਿਆ ਜਾ ਸਕਦਾ ਕਿ ਇਸ ਦੀ ਸਮਰੱਥਾ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ। ਸੁਰੱਖਿਆ, ਸੁਰੱਖਿਆ ਪ੍ਰਬੰਧ ਅਤੇ ਜਵਾਬਦੇਹੀ ਵੀ ਉਸੇ ਰਫ਼ਤਾਰ ਨਾਲ ਅੱਗੇ ਵਧਣੇ ਚਾਹੀਦੇ ਹਨ। ਛੋਟੇ ਮਾਡਲਾਂ ਜ਼ਰੀਏ ਵੱਡੇ ਏ ਆਈ ਮਾਡਲਾਂ ਦੀ ਨਕਲ ਤਿਆਰ ਕਰਕੇ ਉਨ੍ਹਾਂ ਦੀ ਕਾਬਲੀਅਤ ਚੋਰੀ ਕਰਨ ਦੀਆਂ ਵੱਡੇ ਪੱਧਰ ’ਤੇ ਹੋ ਰਹੀਆਂ ਕੋਸ਼ਿਸ਼ਾਂ ਬਹੁਤ ਚਿੰਤਾਜਨਕ ਹਨ। ਜੇਕਰ ਅਮਰੀਕਾ-ਚੀਨ ਦਾ ਆਪਸੀ ਮੁਕਾਬਲਾ ਤਾਕਤਵਰ ਏ ਆਈ ਦੇ ਪਸਾਰ ਨੂੰ ਤੇਜ਼ ਕਰ ਰਿਹਾ ਹੈ ਅਤੇ ਨਾਲ ਹੀ ਕੰਪਨੀਆਂ ਆਪਣੇ ਸਿਸਟਮਾਂ ਨੂੰ ਸੁਰੱਖਿਅਤ ਰੱਖਣ ਵਿੱਚ ਸੰਘਰਸ਼ ਕਰ ਰਹੀਆਂ ਹਨ, ਤਾਂ ਇਹ ਖ਼ਤਰੇ ਕੰਪਨੀਆਂ ਦੇ ਆਪਸੀ ਮੁਕਾਬਲੇ ਤੋਂ ਕਿਤੇ ਵੱਧ ਹਨ। ਸਰਕਾਰਾਂ ਮਨੁੱਖਤਾ ਦੇ ਭਵਿੱਖ ਬਾਰੇ ਫ਼ੈਸਲੇ ਸਿਰਫ਼ ਤਕਨੀਕੀ ਕੰਪਨੀਆਂ ਦੇ ਭਰੋਸੇ ਨਹੀਂ ਛੱਡ ਸਕਦੀਆਂ। ਵੱਡੀਆਂ ਏ ਆਈ ਲੈਬਾਂ ਲਈ ਸਖ਼ਤ ਸੁਰੱਖਿਆ ਮਾਪਦੰਡਾਂ, ਸੁਤੰਤਰ ਨਿਗਰਾਨੀ, ਪਾਰਦਰਸ਼ੀ ਜੋਖ਼ਮ ਮੁਲਾਂਕਣ ਅਤੇ ਸਭ ਤੋਂ ਖ਼ਤਰਨਾਕ ਸਮਰੱਥਾਵਾਂ ਦੇ ਵਿਕਾਸ ਉੱਤੇ ਅੰਤਰਰਾਸ਼ਟਰੀ ਪੱਧਰ ’ਤੇ ਤੈਅ ਕੀਤੀਆਂ ਗਈਆਂ ਪਾਬੰਦੀਆਂ ਦੀ ਫ਼ੌਰੀ ਲੋੜ ਹੈ। ਕਾਕਸਨ ਦਾ ਇਹ ਵਿਰੋਧ ਇਸੇ ਵਧਦੀ ਜਾ ਰਹੀ ਬੇਚੈਨੀ ਦਾ ਇੱਕ ਹਿੱਸਾ ਹੈ। ਜਦੋਂ ਗੱਲ ਪੂਰੀ ਮਨੁੱਖਤਾ ਦੀ ਹੋਂਦ ਦੀ ਹੋਵੇ ਤਾਂ ਉੱਥੇ ਕਿਸੇ ਵੀ ਤਰ੍ਹਾਂ ਦੇ ਲਾਪਰਵਾਹ ਜੂਏ ਲਈ ਕੋਈ ਗੁੰਜਾਇਸ਼ ਨਹੀਂ ਬਚਦੀ।

Share: