ਜਲੰਧਰ: (ਮਨੀਸ਼ ਰਿਹਾਨ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਭਗਤ ਚੁੰਨੀ ਲਾਲ (94) ਦਾ ਵੀਰਵਾਰ ਤੜਕੇ ਜਲੰਧਰ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਬਿਮਾਰ ਸਨ ਅਤੇ ਵ੍ਹੀਲਚੇਅਰ ’ਤੇ ਸਨ। ਕਈ ਵਾਰ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਅੱਜ ਤੜਕੇ ਫੋਰਟਿਸ ਹਸਪਤਾਲ ਵਿਖੇ ਉਨ੍ਹਾਂ ਨੇ ਅੰਤਿਮ ਸਾਹ ਲਏ।
ਭਾਜਪਾ ਦੇ ਦਿੱਗਜ ਆਗੂ ਭਗਤ ਚੁੰਨੀ ਲਾਲ 2012 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਵਣਜੀਵ ਅਤੇ ਕਿਰਤ ਵਰਗੇ ਕਈ ਅਹਿਮ ਵਿਭਾਗਾਂ ਦੇ ਮੰਤਰੀ ਰਹੇ। ਉਹ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ (ਪਹਿਲਾਂ ਜਲੰਧਰ ਦੱਖਣੀ) ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਭਗਤ ਚੁੰਨੀ ਲਾਲ ਆਪਣੇ ਪਿੱਛੇ ਚਾਰ ਧੀਆਂ ਅਤੇ ਚਾਰ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਪੁੱਤਰ ਮੋਹਿੰਦਰ ਭਗਤ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਦੇਸ਼ ਦੀ ਵੰਡ ਵੇਲੇ ਉਹ ਪਾਕਿਸਤਾਨ ਦੇ ਸਿਆਲਕੋਟ ਤੋਂ ਭਾਰਤ ਆਏ ਸਨ ਅਤੇ ਇੱਥੇ ਖੇਡਾਂ ਦਾ ਸਾਮਾਨ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਪੋਤਾ ਕ੍ਰਿਸ਼ ਭਗਤ ਇੱਕ ਕ੍ਰਿਕਟਰ ਹੈ, ਜੋ ਇਸੇ ਸਾਲ ਅਪਰੈਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਜਲੰਧਰ ਦੇ ਮਾਡਲ ਹਾਊਸ ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

