ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪੰਜਾਬ ਪੁਲੀਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਥਿਤ ਸਾਥੀ, ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਕ੍ਰਿਸ਼ਨੂੰ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਵਜੋਂ 5,00,000 ਰੁਪਏ ਲੈਂਦੇ ਸਮੇਂ ਭੁੱਲਰ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਵਿੱਚ ਐੱਫ ਆਈ ਆਰ ਆਕਾਸ਼ ਬੱਤਾ ਨਾਮ ਦੇ ਵਿਅਕਤੀ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ। ਐੱਫ ਆਈ ਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਸਮੇਂ ਪੰਜਾਬ ਪੁਲੀਸ ਵਿੱਚ ਡੀ.ਆਈ.ਜੀ. ਰੋਪੜ ਰੇਂਜ ਵਜੋਂ ਤਾਇਨਾਤ ਹਰਚਰਨ ਸਿੰਘ ਭੁੱਲਰ ਨੇ ਥਾਣਾ ਸਰਹਿੰਦ ਵਿਖੇ ਦਰਜ ਕੇਸ ਵਿੱਚ ਅਨੁਕੂਲ ਕਾਰਵਾਈ ਯਕੀਨੀ ਬਣਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਬਰੀ ਕਦਮ ਨਾ ਚੁੱਕੇ ਜਾਣ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਰਾਹੀਂ ਗ਼ੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਸੀ।
ਈ.ਡੀ. ਦੇ ਸਪੈਸ਼ਲ ਪਬਲਿਕ ਪ੍ਰੌਸੀਕਿਊਟਰ ਨੇ ਚੰਡੀਗੜ੍ਹ ਦੀ ਸਪੈਸ਼ਲ ਜੱਜ, ਪੀ.ਐੱਮ.ਐੱਲ.ਏ. ਅਦਾਲਤ ਵਿੱਚ ਕ੍ਰਿਸ਼ਨੂੰ ਸ਼ਾਰਦਾ ਦੇ ਪ੍ਰੋਡਕਸ਼ਨ ਵਾਰੰਟ ਲਈ ਇੱਕ ਅਰਜ਼ੀ ਦਾਖ਼ਲ ਕੀਤੀ। ਕ੍ਰਿਸ਼ਨੂੰ ਸ਼ਾਰਦਾ ਇਸ ਸਮੇਂ ਮਾਡਲ ਜੇਲ੍ਹ ਚੰਡੀਗੜ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।
ਅਦਾਲਤ ਨੇ ਸੁਪਰਡੈਂਟ, ਮਾਡਲ ਜੇਲ੍ਹ, ਬੁੜੈਲ, ਚੰਡੀਗੜ੍ਹ ਰਾਹੀਂ ਦੋਸ਼ੀ ਕ੍ਰਿਸ਼ਾਨੂੰ ਸ਼ਾਰਦਾ ਨੂੰ ਅਰਜ਼ੀ ‘ਤੇ ਨੋਟਿਸ ਜਾਰੀ ਕੀਤਾ। ਇਸ ਦੇ ਨਾਲ ਹੀ ਹਦਾਇਤ ਕੀਤੀ ਕਿ 18 ਸਤੰਬਰ 2026 ਲਈ ਵੀ ਸੰਮਨ ਜਾਰੀ ਕੀਤੇ ਜਾਣ ਅਤੇ ਨਾਲ ਹੀ ਮਾਡਲ ਜੇਲ੍ਹ, ਬੁੜੈਲ (ਚੰਡੀਗੜ੍ਹ) ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਮੁਲਜ਼ਮ ਨੂੰ ਨਿਰਧਾਰਤ ਮਿਤੀ ‘ਤੇ ਅਦਾਲਤ ਵਿੱਚ ਸਰੀਰਕ ਤੌਰ ‘ਤੇ ਪੇਸ਼ ਕਰਨ। ਇਸ ਸਾਲ ਅਪਰੈਲ ਵਿੱਚ, ਈ.ਡੀ. (ED) ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।

