ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਵਿਵਾਦ: ਸ਼ਾਹੀ ਇਮਾਮ ਵੱਲੋਂ ਮੁਆਫ਼ੀ ਦੀ ਮੰਗ

ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਵਿਵਾਦ: ਸ਼ਾਹੀ ਇਮਾਮ ਵੱਲੋਂ ਮੁਆਫ਼ੀ ਦੀ ਮੰਗ

ਲੁਧਿਆਣਾ : ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਲੁਧਿਆਣਾ ਵਿੱਚ ਇੱਕ ਧਰਮ ਵਿਰੁੱਧ ਦਿੱਤੇ ਗਏ ਆਪਣੇ ਕਥਿਤ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ’ਤੇ ਸਖ਼ਤ ਨੋਟਿਸ ਲੈਂਦਿਆਂ ਸ਼ਾਹੀ ਇਮਾਮ ਪੰਜਾਬ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅਧਿਆਤਮਕ ਆਗੂ ਨੂੰ ਇਸਲਾਮ ਖ਼ਿਲਾਫ਼ ਟਿੱਪਣੀ ਕਰਨ ਲਈ ਮੁਆਫੀ ਮੰਗਣ ਅਤੇ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਹੈ, ਨਹੀਂ ਤਾਂ ਨਾ ਸਿਰਫ਼ ਉਨ੍ਹਾਂ ਖ਼ਿਲਾਫ਼ ਸਗੋਂ ਲੁਧਿਆਣਾ ਵਿੱਚ ਪੰਜ ਦਿਨਾਂ ਦਾ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਖ਼ਿਲਾਫ਼ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਸ਼ਾਹੀ ਇਮਾਮ ਨੇ ਸੋਸ਼ਲ ਪਲੇਟਫਾਰਮ ਜ਼ਰੀਏ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ ਉਨ੍ਹਾਂ ਦਾ ਸਵਾਗਤ ਹੈ, ਪਰ ਉਨ੍ਹਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਇੱਥੋਂ ਦੇ ਸਾਰੇ ਧਰਮਾਂ ਦੇ ਲੋਕ ਇੱਕ ਹਨ ਅਤੇ ਆਪਸੀ ਪਿਆਰ ਵਿੱਚ ਵਿਸ਼ਵਾਸ ਰੱਖਦੇ ਹਨ। ਮੌਲਾਨਾ ਉਸਮਾਨ ਨੇ ਇਹ ਵੀ ਕਿਹਾ ਕਿ ਸ਼ਾਸਤਰੀ ਨੇ ਚੀਨ ਵਿਰੁੱਧ ਬੋਲਿਆ ਹੈ ਜਦਕਿ ਉਨ੍ਹਾਂ ਦੇ ਬਿਆਨ ਰਿਕਾਰਡ ਕਰਨ ਲਈ ਵਰਤੇ ਜਾਣ ਵਾਲੇ ਮਾਈਕ ਵੀ ਚੀਨ ਦੇ ਹੀ ਬਣੇ ਹੋਏ ਹਨ। ਭਾਵੇਂ ਉਹ ਲੋਕਾਂ ਨੂੰ ਹਸਾਉਣ ਲਈ ਅਜਿਹਾ ਕਹਿ ਰਹੇ ਹੋਣਗੇ ਪਰ ਉਨ੍ਹਾਂ ਦੇ ਕਈ ਬਿਆਨ ਮਾੜੀ ਰੁਚੀ ਵਾਲੇ ਹਨ ਜੋ ਲੁਧਿਆਣਾ ਦੇ ਲੋਕਾਂ ਵੱਲੋਂ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਇਸ ਮਾਮਲੇ ਵਿੱਚ ਸਿਰਫ਼ ਮੁਸਲਮਾਨ ਹੀ ਨਹੀਂ, ਸਗੋਂ ਈਸਾਈ ਭਾਈਚਾਰੇ ਨੇ ਵੀ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਚਿੰਤਾ ਜਤਾਈ ਹੈ ਕਿ ਅਜਿਹੇ ਬਿਆਨਾਂ ਨਾਲ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ ਅਤੇ ਹਿੰਸਾ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਕ੍ਰਿਸ਼ਚਿਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੁਆ ਨੇ ਕਿਹਾ ਕਿ ਸ਼ਾਸਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਈਸਾਈ ਭਾਈਚਾਰਾ ਆਪਸੀ ਸ਼ਾਂਤੀ ਬਣਾਈ ਰੱਖੇਗਾ ਅਤੇ ਚੋਣਾਂ ਤੋਂ ਪਹਿਲਾਂ ਸੂਬੇ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

ਦੂਜੇ ਪਾਸੇ, ਧੀਰੇਂਦਰ ਸ਼ਾਸਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਧਰਮ ਵਿਰੁੱਧ ਕੁਝ ਨਹੀਂ ਬੋਲਿਆ ਅਤੇ ਸੂਬਾ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਮੁੱਖ ਮਕਸਦ ਸਿਰਫ਼ ਇਹ ਸੀ ਕਿ ਸਮਾਜ ਵਿੱਚ ਨਸ਼ੇ ਅਤੇ ਧਰਮ ਪਰਿਵਰਤਨ ਨਹੀਂ ਹੋਣੇ ਚਾਹੀਦੇ ਅਤੇ ਹਿੰਦੂਆਂ ਤੇ ਸਿੱਖਾਂ ਨੂੰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਇਹ ਧਾਰਮਿਕ ਆਗੂ ਪਿਛਲੇ ਪੰਜ ਦਿਨਾਂ ਤੋਂ ਸ਼ਹਿਰ ਵਿੱਚ ਇੱਕ ਧਾਰਮਿਕ ਸਮਾਗਮ ਲਈ ਆਏ ਹੋਏ ਸਨ, ਜਿਸ ਨੂੰ ਬਹੁਤ ਸਾਰੇ ਆਗੂਆਂ, ਖਾਸ ਕਰਕੇ ਭਾਜਪਾ ਆਗੂਆਂ ਦਾ ਭਰਵਾਂ ਸਮਰਥਨ ਮਿਲਿਆ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੱਢੀ ਗਈ ‘ਕਲਸ਼ ਯਾਤਰਾ’ ਨੂੰ ਵੀ ਸੀਨੀਅਰ ਮਹਿਲਾ ਭਾਜਪਾ ਅਹੁਦੇਦਾਰਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ ਸੀ।

Share: