Punjab Congress: ਪਾਇਲਟ ਦੇ ਦਰਬਾਰ ’ਚ ਹਾਜ਼ਰੀ ਭਰਨ ਲੱਗੇ ਕਾਂਗਰਸੀ

Punjab Congress: ਪਾਇਲਟ ਦੇ ਦਰਬਾਰ ’ਚ ਹਾਜ਼ਰੀ ਭਰਨ ਲੱਗੇ ਕਾਂਗਰਸੀ

ਚੰਡੀਗਡ਼੍ਹ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਦਰਬਾਰ ’ਚ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਹੈ। ਸਚਿਨ ਪਾਇਲਟ ਨਾਲ ਕਾਂਗਰਸੀ ਨੇਤਾ ਪਲੇਠੀ ਮੁਲਾਕਾਤ ਕਰ ਕੇ ਵਧਾਈਆਂ ਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ਼ ਨਜ਼ਰ ਆ ਰਿਹਾ ਹੈ। ਕਾਂਗਰਸ ਹਾਈਕਮਾਂਡ ਤਰਫ਼ੋਂ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖ਼ਾਸ ਕਰ ਕੇ ਚੰਨੀ ਧੜੇ ’ਚ ਖ਼ੁਸ਼ਨੁਮਾ ਰੌਂਅ ਹੈ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਨਾਲ ਪਹਿਲੀ ਮਿਲਣੀ ’ਚ ਸਭ ਅੱਛਾ ਹੋਣ ਦਾ ਅਹਿਸਾਸ ਦਿੱਤਾ ਹੈ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਸਨ। ਸੀਨੀਅਰ ਕਾਂਗਰਸੀ ਨੇਤਾ ਰੰਧਾਵਾ ਨੇ ਮਿਲਣੀ ਮਗਰੋਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਮੰਗ ਜਨਤਕ ਤੌਰ ’ਤੇ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕਿਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਵੀ ਅਜਿਹਾ ਕਿਤੇ ਨਹੀਂ ਕਿਹਾ।

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਹੈ। ਚੰਨੀ ਨੇ ਕਿਹਾ ਕਿ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਹੁਣ ਨਵੀਂ ਉਮੀਦ ਜਾਗੀ ਹੈ ਅਤੇ ਖ਼ਾਸ ਕਰਕੇ ਵਰਕਰਾਂ ’ਚ ਜੋਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਅੱਛਾ ਮਾਹੌਲ ਬਣੇਗਾ ਅਤੇ ਇਕੱਠੇ ਹੋ ਕੇ ਚੰਗੀ ਸਰਕਾਰ ਬਣਾਵਾਂਗੇ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕਰ ਚੁੱਕੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੋ ਦਿਨ ਪਹਿਲਾਂ ਸਚਿਨ ਪਾਇਲਟ ਨਾਲ ਮੁਲਾਕਾਤ ਕਰ ਚੁੱਕੇ ਹਨ। ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਵੇਗੀ। ਦੇਖਣਾ ਹੋਵੇਗਾ ਕਿ ਉਹ ਇਸ ਸੰਕਟ ਨੂੰ ਕਿਵੇਂ ਨਜਿੱਠਦੇ ਹਨ।

Share: