ਬਹਿਬਲ ਕਲਾਂ ਗੋਲੀ ਕਾਂਡ ਮਾਮਲਾ: ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼; 30 ਸਤੰਬਰ ਤੱਕ ਦਾ ਮੰਗਿਆ ਸਮਾਂ

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ: ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼; 30 ਸਤੰਬਰ ਤੱਕ ਦਾ ਮੰਗਿਆ ਸਮਾਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਏ। ਬਾਦਲ ਨੂੰ ਸੈਕਟਰ-32 ਸਥਿਤ ਪੰਜਾਬ ਪੁਲੀਸ ਆਫ਼ੀਸਰਜ਼ ਇੰਸਟੀਚਿਊਟ (PPOI) ਵਿਖੇ ਐੱਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ। ਹਾਲਾਂਕਿ, ਉਨ੍ਹਾਂ ਵੱਲੋਂ ਪਰਮਬੰਸ ਸਿੰਘ ਰੋਮਾਨਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਵੇਰੇ 11 ਵਜੇ ਦੇ ਕਰੀਬ ਐੱਸ ਆਈ ਟੀ ਅਧਿਕਾਰੀਆਂ ਨੂੰ ਮਿਲੇ। ਇੱਕ ਲਿਖਤੀ ਬੇਨਤੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਐੱਸ ਆਈ ਟੀ ਅੱਗੇ ਪੇਸ਼ ਨਾ ਹੋ ਸਕਣ ਦਾ ਕਾਰਨ ਆਪਣੀ ਖ਼ਰਾਬ ਸਿਹਤ ਦੱਸਿਆ। ਬਾਦਲ ਨੇ ਕਿਹਾ ਕਿ ਡਾਕਟਰੀ ਚੈੱਕਅਪ ਲਈ ਡਾਕਟਰ ਕੋਲ ਜਾਣ ਦੀ ਲੋੜ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਭਰ ਵਿੱਚ ਪਬਲਿਕ ਰੈਲੀਆਂ ਅਤੇ ਲੋਕ ਸੰਪਰਕ ਪ੍ਰੋਗਰਾਮਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ 30 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ। ਪਰਮਬੰਸ ਸਿੰਘ ਬੰਟੀ ਰੋਮਾਨਾ ਨੇ ਕਿਹਾ, “ਅਸੀਂ ਐੱਸ ਆਈ ਟੀ ਤੋਂ ਲਿਖਤੀ ਪ੍ਰਸ਼ਨਵਲੀ (questionnaire) ਦੀ ਵੀ ਮੰਗ ਕੀਤੀ ਹੈ। ਸਾਨੂੰ ਉਨ੍ਹਾਂ ਦੀ ਨੀਅਤ ’ਤੇ ਸ਼ੱਕ ਹੈ। ਅਸੀਂ ਸਹਿਯੋਗ ਕਰਨਾ ਚਾਹੁੰਦੇ ਹਾਂ, ਪਰ ਉਨ੍ਹਾਂ ਦਾ ਮਕਸਦ ਸਿਆਸੀ ਬਿਰਤਾਂਤ ਸਿਰਜਣਾ ਜਾਪਦਾ ਹੈ।” ਰੋਮਾਨਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਇੱਕੋ ਜਿਹਾ ਪੈਟਰਨ ਅਪਣਾਇਆ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਲਈ ਹੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮੁੱਦੇ ’ਤੇ ਸਿਰਫ਼ ਸਿਆਸਤ ਹੀ ਖੇਡੀ ਗਈ ਹੈ ਅਤੇ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਸਰਕਾਰ ਮੁਸ਼ਕਿਲ ਵਿੱਚ ਹੁੰਦੀ ਹੈ, ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਸ ਮਾਮਲੇ ਨੂੰ ਮੁੜ ਉਛਾਲ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਫ਼ਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੱਥ ਲਿਖਤ ਭੜਕਾਊ ਪੋਸਟਰ ਲਗਾਉਣ ਅਤੇ ਬਰਗਾੜੀ ਵਿਖੇ ਪਵਿੱਤਰ ਅੰਗ ਖਿਲਾਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਅਕਤੂਬਰ 2015 ਵਿੱਚ ਫ਼ਰੀਦਕੋਟ ਵਿਖੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ। ਪੁਲੀਸ ਦੀ ਗੋਲੀਬਾਰੀ ਦੌਰਾਨ ਬਹਿਬਲ ਕਲਾਂ ਵਿੱਚ ਗੁਰਜੀਤ ਸਿੰਘ ਅਤੇ ਕਿਸ਼ਨ ਭਗਵਾਨ ਸਿੰਘ ਨਾਂ ਦੇ ਦੋ ਵਿਅਕਤੀ ਮਾਰੇ ਗਏ ਸਨ, ਜਦੋਂ ਕਿ ਕੋਟਕਪੂਰਾ ਵਿੱਚ ਕੁਝ ਲੋਕ ਜ਼ਖ਼ਮੀ ਹੋ ਗਏ ਸਨ।

ਉੱਧਰ, ਆਮ ਆਦਮੀ ਪਾਰਟੀ ਦੇ ਆਗੂ ਰਣਬੀਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਜਾਣਬੁੱਝ ਕੇ ਐਸ.ਆਈ.ਟੀ. ਅੱਗੇ ਪੇਸ਼ ਨਹੀਂ ਹੋ ਰਹੇ। ਢਿੱਲੋਂ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਕੋਈ ਸਮਝੌਤਾ ਹੋ ਰਿਹਾ ਹੈ ਅਤੇ ਭਾਜਪਾ ਨੇ ਹੀ ਬਾਦਲ ਨੂੰ ਸਿਆਸੀ ਸੁਰੱਖਿਆ ਦਾ ਭਰੋਸਾ ਦੇ ਕੇ ਪੇਸ਼ ਨਾ ਹੋਣ ਦੀ ਸਲਾਹ ਦਿੱਤੀ ਹੈ।

Share: