ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 7.8 ਫੀਸਦੀ ਦੀ ਜੀ ਡੀ ਪੀ ਵਿਕਾਸ ਦਰ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਜੰਗਾਂ, ਅਸਥਿਰਤਾ ਅਤੇ ਸਪਲਾਈ ਚੇਨ ਦੇ ਵਿਘਨ ਦੇ ਬਾਵਜੂਦ ਹਾਸਲ ਕੀਤੀ ਗਈ ਹੈ। ਇੰਸਟਾਗ੍ਰਾਮ ਤੇ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਲੋਕ ਸਵਦੇਸ਼ੀ ਅਤੇ ਆਤਮ-ਨਿਰਭਰਤਾ ‘ਤੇ ਜ਼ੋਰ ਦਿੰਦੇ ਰਹੇ, ਤਾਂ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਦੇ 100ਵੇਂ ਸਾਲ ਵਿੱਚ ਇੱਕ ਵਿਕਸਤ ਭਾਰਤ ਮਿਲੇਗਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਛੁੱਟੀਆਂ ਨਾ ਮਨਾਉਣ, ਵਿਆਹ ਬਾਹਰ ਨਾ ਕਰਨ ਜਾਂ ਜ਼ਰੂਰਤ ਤੋਂ ਬਿਨਾਂ ਸੋਨਾ ਨਾ ਖਰੀਦਣ ਲਈ ਵੀ ਕਿਹਾ। ਮੋਦੀ ਨੇ ਕਿਹਾ, “ਮੈਂ ਦੇਸ਼ ਦੇ ਲੋਕਾਂ ਨੂੰ 7.8 ਫੀਸਦੀ ਜੀ.ਡੀ.ਪੀ. ਵਾਧੇ ਲਈ ਵਧਾਈ ਦੇਣਾ ਚਾਹੁੰਦਾ ਹਾਂ। ਇਹ ਉਨ੍ਹਾਂ ਦੇ ਸਮੂਹਿਕ ਸੰਕਲਪ ਅਤੇ ਯਤਨਾਂ ਕਾਰਨ ਸੰਭਵ ਹੋਇਆ ਹੈ। ਹਰ ਪਾਸੇ ਟਕਰਾਅ, ਜੰਗਾਂ ਅਤੇ ਅਸਥਿਰਤਾ ਦੇ ਬਾਵਜੂਦ ਭਾਰਤ ਨੇ ਇਹ ਮੀਲ ਪੱਥਰ ਹਾਸਲ ਕੀਤਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ 2020 ਦੀ ਕੋਵਿਡ ਮਹਾਮਾਰੀ ਤੋਂ ਬਾਅਦ ਕਿਤੇ ਵੀ ਸਥਿਰਤਾ ਨਹੀਂ ਰਹੀ, ਪਰ ਭਾਰਤ ਨੇ ਚੰਗੀ ਤਰ੍ਹਾਂ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੁਝ ਲੋਕ ਨਕਾਰਾਤਮਕਤਾ ਅਤੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਦੇਸ਼ ਫਿਰ ਵੀ ਅੱਗੇ ਵਧਿਆ ਹੈ। ਉਨ੍ਹਾਂ ਕਿਹਾ, “ਸਾਨੂੰ ਆਪਣੇ ਵਿਕਾਸ ਦੀ ਰਫ਼ਤਾਰ ਬਣਾਈ ਰੱਖਣੀ ਪਵੇਗੀ। ਸਾਨੂੰ ਅੱਗੇ ਵਧਣਾ ਪਵੇਗਾ। ਅਤੇ ਇਸ ਦੇ ਲਈ ਸਾਨੂੰ ਆਤਮ-ਨਿਰਭਰ ਬਣਨਾ ਚਾਹੀਦਾ ਹੈ। ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਡੀ ਸਖ਼ਤ ਮਿਹਨਤ ਦੀ ਲੋੜ ਹੈ। ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ।’’ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਚੰਗੀਆਂ ਹਨ, ਇਰਾਦਾ ਸਾਫ਼ ਹੈ ਅਤੇ ਇਹੀ ਕਾਰਨ ਹੈ ਕਿ ਦੇਸ਼ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਆਰਥਿਕ ਮੰਦੀ ਦੀਆਂ ਚਿੰਤਾਵਾਂ ਦੇ ਬਾਵਜੂਦ ਲਚਕੀਲਾਪਣ ਦਿਖਾਉਂਦੇ ਹੋਏ, ਅਪ੍ਰੈਲ-ਜੂਨ ਤਿਮਾਹੀ ਵਿੱਚ ਭਾਰਤ ਦੀ ਅਰਥਵਿਵਸਥਾ ਉਮੀਦ ਨਾਲੋਂ ਵੱਧ 7.8 ਫੀਸਦੀ ਦੀ ਰਫ਼ਤਾਰ ਨਾਲ ਵਧੀ ਹੈ। ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਪਿਛਲੀ ਤਿਮਾਹੀ ਦੇ 8.6 ਫੀਸਦੀ ਦੇ ਮੁਕਾਬਲੇ ਕੁਝ ਘੱਟ ਰਹੀ, ਪਰ ਜਦੋਂ ਟਕਰਾਅ ਭੜਕਿਆ ਅਤੇ ਊਰਜਾ ਬਾਜ਼ਾਰ ਪ੍ਰਭਾਵਿਤ ਹੋਏ, ਤਾਂ ਉਸ ਸਮੇਂ ਦੀਆਂ ਉਮੀਦਾਂ ਨਾਲੋਂ ਇਹ ਕਾਫ਼ੀ ਉੱਪਰ ਰਹੀ।
Posted inNew Delhi
PM Modi Video: ਵਿਦੇਸ਼ਾਂ ਵਿੱਚ ਛੁੱਟੀਆਂ, ਬਾਹਰ ਵਿਆਹ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ: ਮੋਦੀ

