‘ਆਲ ਇਜ਼ ਵੈੱਲ, ਘਾਟੇ ਵਾਧੇ ਚਲਦੇ ਰਹਿੰਦੇ ਆ…’: 50 ਹਜ਼ਾਰ ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਬਾਕ ਬੋਲ ਚਰਚਾ ’ਚ

‘ਆਲ ਇਜ਼ ਵੈੱਲ, ਘਾਟੇ ਵਾਧੇ ਚਲਦੇ ਰਹਿੰਦੇ ਆ…’: 50 ਹਜ਼ਾਰ ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਬਾਕ ਬੋਲ ਚਰਚਾ ’ਚ

ਚੰਡੀਗੜ੍ਹ : ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਕੋਟ ਈਸੇ ਖਾਂ ਦੀ ਮੁੱਖ ਅਫਸਰ (SHO) ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦਾ ਹੌਸਲਾ ਅਤੇ ਉਸ ਵੱਲੋਂ ਦਿੱਤੇ ਗਏ ਬੇਬਾਕ ਬਿਆਨ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਕੋਟ ਈਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ ’ਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰ ਰਹੀ ਸੀ। ਸੂਤਰਾਂ ਮੁਤਾਬਕ ਥਾਣਾ ਮੁਖੀ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਅਤੇ ਹੋਰ 50,000 ਰੁਪਏ ਦੀ ਮੰਗ ਕਰ ਰਹੀ ਸੀ।

ਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ। ਵਿਜੀਲੈਂਸ ਨੇ ਜਾਲ ਵਿਛਾ ਕੇ ਸ਼ਨਿੱਚਰਵਾਰ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ’ਤੇ ਥਾਣਾ ਮੁਖੀ ਅਤੇ ਉਸ ਦੇ ਗੰਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਵਿੱਚ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਬਾਵਾ ਪਹਿਲਾਂ ਹੀ ਵਿਜੀਲੈਂਸ ਦੇ ਰਾਡਾਰ ’ਤੇ ਸੀ।

ਗ੍ਰਿਫ਼ਤਾਰੀ ਮੌਕੇ ਵੀਡੀਓ ਵਾਇਰਲ: ਕਿਹਾ— ‘ਆਲ ਇਜ਼ ਵੈੱਲ, ਘਾਟੇ ਵਾਧੇ ਚਲਦੇ ਰਹਿੰਦੇ ਆ’

ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤੇ ਜਾਣ ਤੋਂ ਬਾਅਦ ਮਹਿਲਾ ਇੰਸਪੈਕਟਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਕਾਫ਼ੀ ਚਰਚਾ ਵਿੱਚ ਹੈ। ਜਦੋਂ ਪੱਤਰਕਾਰਾਂ ਨੇ ਉਸ ਤੋਂ ਸਵਾਲ ਪੁੱਛੇ ਤਾਂ ਉਸ ਨੇ ਬੇਖੌਫ਼ ਹੋ ਕੇ ਕਿਹਾ, “ਆਲ ਇਜ਼ ਵੈੱਲ, ਆਲ ਇਜ਼ ਵੈੱਲ।”

ਜਦੋਂ ਉਸ ਤੋਂ ਰਿਸ਼ਵਤ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, “ਦੇਖੋ ਜੀ, ਜੇਲ੍ਹ ਦਾ ਨਵਾਂ ਮਾਡਿਊਲ ਸਟਾਰਟ ਹੋ ਗਿਆ, lets see what heppn (ਭਾਵ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ)।” ਇੰਨਾ ਹੀ ਨਹੀਂ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਸਥਿਤੀ ਵਿੱਚ ਵੀ ਤੁਹਾਡੇ ਚਿਹਰੇ ’ਤੇ ਮੁਸਕਰਾਹਟ ਕਿਵੇਂ ਹੈ, ਤਾਂ ਇੰਸਪੈਕਟਰ ਨੇ ਬੇਬਾਕ ਹੋ ਕੇ ਕਿਹਾ, “ਬਿਲਕੁੱਲ ਜੀ, ਬੋਲਡ ਰਹਿਣਾ ਚਾਹੀਦਾ, ਘਾਟੇ ਵਾਧੇ ਚਲਦੇ ਰਹਿੰਦੇ ਆ, ਨੋ ਇਸ਼ੂ। ਹੋਪ ਫਾਰ ਦੀ ਬੈਸਟ।” ਭਾਵ ਕੋਈਸਮੱਸਿਆ ਨਹੀ ਚੰਗੇ ਲਈ ਦੁਆ ਕਰੋ।

ਮਹਿਲਾ ਇੰਸਪੈਕਟਰ ਦੀ ਇਹ ਵੀਡੀਓ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਅਤੇ ਲੋਕਾਂ ਵੱਲੋਂ ਵੱਖੋ ਵੱਖਰੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਸ ਵਿੱਚ ਕੁੱਝ ਸੋਸ਼ਲ ਮੀਡੀਆ ਯੂਜ਼ਰਜ਼ ਮਹਿਲਾ ਇੰਸਪੈਕਟਰ ਦੇ ਰਵੱਈਏ ’ਤੇ ਸਵਾਲ ਚੱਕ ਰਹੇ ਹਨ ਅਤੇ ਕੁੱਝ ਦੇਸ਼ ਦੇ ਸਿਸਟਮ ਨੂੰ ਕੋਸ ਰਹੇ ਹਨ

ਵਿਜੀਲੈਂਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share: